AN INSTITUTE FOR RESEARCH ON LITERATURE,CULTURE,HISTORY & HERITAGE OF PUNJAB”
website header

ਭਾਈ ਕਾਉਂਕੇ ਦੇ ਕਾਤਲਾਂ ਨੂੰ ਸਜ਼ਾ ਦਿਵਾਉਣ ਲਈ ਵਕੀਲਾਂ ਦਾ ਪੰਜ ਮੈਂਬਰੀ ਪੈਨਲ ਗਠਿਤ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਥਕ ਧਿਰਾਂ ਦੇ ਨਾਲ ਮਿਲ ਕੇ ਅੱਜ ਇਥੇ ਗੁਰਦੁਆਰਾ ਰਕਾਬਗੰਜ ਸਾਹਿਬ ਵਿੱਚ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਕਾਰਜਕਾਰੀ ਜਥੇਦਾਰ ਮਰਹੂਮ ਗੁਰਦੇਵ ਸਿੰਘ ਕਾਉਂਕੇ ਦੀ 31ਵੀਂ ਬਰਸੀ ਮਨਾਈ। ਇਸ ਸਮਾਗਮ ਵਿੱਚ ਭਾਈ ਕਾਉਂਕੇ ਦੀ ਪਤਨੀ ਗੁਰਮੇਲ ਕੌਰ, ਪੁੱਤਰ ਹਰੀ ਸਿੰਘ ਤੇ ਮੁੱਖ ਗਵਾਹ ਦਰਸ਼ਨ ਸਿੰਘ ਹਠੂਰ ਵੀ ਸ਼ਾਮਲ ਹੋਏ। ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਸਮਾਗਮ ਵਿੱਚ ਪਹੁੰਚਣ ’ਤੇ ਭਾਈ ਕਾਉਂਕੇ ਦੇ ਪਰਿਵਾਰਕ ਮੈਂਬਰਾਂ ਤੇ ਸਮੂਹ ਪੰਥਕ ਸ਼ਖਸੀਅਤਾਂ ਦਾ ਧੰਨਵਾਦ ਕੀਤਾ। ਕਾਲਕਾ ਨੇ ਕਿਹਾ ਕਿ ਅਸੀਂ ਸਭ ਤੋਂ ਪਹਿਲਾਂ ਇਸ ਗੱਲ ਦੀ ਮੁਆਫੀ ਮੰਗਦੇ ਹਾਂ ਕਿ 31 ਸਾਲਾ ਬਾਅਦ ਅੱਜ ਜਥੇਦਾਰ ਕਾਉਂਕੇ ਦੀ ਬਰਸੀ ਮਨਾਈ ਗਈ ਹੈ ਕਿਉਂਕਿ ਪਹਿਲਾਂ ਪੰਥ ਦੀਆਂ ਵੋਟਾਂ ਲੈਣ ਵਾਲਿਆਂ ਨੇ ਅਜਿਹਾ ਹੋਣ ਹੀ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਪੰਥ ਦੇ ਨਾਂ ’ਤੇ ਵੋਟਾਂ ਲੈ ਕੇ ਸਰਕਾਰਾਂ ਬਣਾਈਆਂ ਉਨ੍ਹਾਂ ਕਦੇ ਵੀ ਭਾਈ ਕਾਉਂਕੇ ਨੂੰ ਇਨਸਾਫ ਦਿਵਾਉਣ ਦੀ ਗੱਲ ਨਹੀਂ ਕੀਤੀ। ਇਸ ਮੌਕੇ ਭਾਈ ਕਾਉਂਕੇ ਦੇ ਕਤਲ ਦਾ ਇਨਸਾਫ ਲੈਣ ਲਈ ਵਕੀਲਾਂ ਦੀ ਪੰਜ ਮੈਂਬਰੀ ਟੀਮ ਗਠਿਤ ਕੀਤੀ ਗਈ ਜਿਸ ਦਾ ਚੇਅਰਮੈਨ ਪੰਜਾਬ ਦੇ ਸਾਬਕਾ ਐਡੀਸ਼ਨਲ-ਐਡਵੋਕੇਟ ਜਨਰਲ ਛਿੰਦਰਪਾਲ ਸਿੰਘ ਬਰਾੜ ਨੂੰ ਥਾਪਿਆ ਗਿਆ। ਉਨ੍ਹਾਂ ਨਾਲ ਐਡਵੋਕੇਟ ਜਸਪ੍ਰੀਤ ਸਿੰਘ ਰਾਏ, ਐਡਵੋਕੇਟ ਜਸਦੀਪ ਸਿੰਘ ਢਿੱਲੋਂ, ਐਡਵੋਕੇਟ ਦਰਸ਼ਨ ਸਿੰਘ ਮਲਵਈ ਤੇ ਐਡਵੋਕੇਟ ਸੰਜੀਵ ਗੁਪਤਾ ਵੀ ਸ਼ਾਮਲ ਹਨ। ਕਾਲਕਾ ਨੇ ਦੱਸਿਆ ਕਿ ਕਮੇਟੀ ਸਮੇਤ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਪੰਥਕ ਸ਼ਖ਼ਸੀਅਤਾਂ ਦਾ ਵਫ਼ਦ ਛੇਤੀ ਹੀ ਪੰਜਾਬ ਦੇ ਮੁੱਖ ਮੰਤਰੀ ਨਾਲ ਮੁਲਾਕਾਤ ਕਰਕੇ ਭਾਈ ਕਾਉਂਕੇ ਦੇ ਕਾਤਲ ਪੁਲੀਸ ਅਫ਼ਸਰਾਂ ਤੇ ਉਨ੍ਹਾਂ ਨੂੰ ਬਚਾਉਣ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕਰੇਗਾ। ਅੱਜ ਸਰਬਸੰਮਤੀ ਨਾਲ ਚਾਰ ਮਤੇ ਪਾਸ ਕੀਤੇ ਗਏ ਜਿਨ੍ਹਾਂ ਰਾਹੀਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਅਪੀਲ ਕੀਤੀ ਗਈ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਤਾ ‘ਫਖ਼ਰ-ਏ-ਕੌਮ‘ ਤੇ ‘ਪੰਥ ਰਤਨ’ ਦਾ ਦਿੱਤਾ ਸਨਮਾਨ ਵਾਪਸ ਲਿਆ ਜਾਵੇ। ਪੰਥਕ ਧਿਰਾਂ ਦੇ ਸਹਿਯੋਗ ਨਾਲ ਜਲਦੀ ਹੀ ਪਿੰਡ ਕਾਉਂਕੇ ਵਿੱਚ ਸ਼ਹੀਦੀ ਸਮਾਗਮ ਕਰਵਾਇਆ ਜਾਵੇਗਾ। ਇਸ ਮੌਕੇ ਜਥੇਦਾਰ ਕਾਉਂਕੇ ਦੇ ਪਰਿਵਾਰ ਤੇ ਹੋਰ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ।

Scroll to Top