
ਭਾਰਤ-ਪਾਕਿਸਤਾਨ ਵਿਚਾਲੇ ਪਹਿਲਾਂ ਵਾਂਗ ਅਟਾਰੀ-ਵਾਹਗਾ ਸਰਹੱਦ ਰਸਤੇ ਵਪਾਰ ਖੁੱਲ੍ਹਵਾਉਣ ਲਈ ਅੱਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਫਤਹਿ) ਦੇ ਪ੍ਰਧਾਨ ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਵੱਲੋਂ ਜ਼ਿਲ੍ਹਾ ਅੰਮ੍ਰਿਤਸਰ ਤੇ ਤਰਨ ਤਾਰਨ ਦੇ ਆਗੂਆਂ ਅਤੇ ਸੰਗਤ ਨੇ ਅਟਾਰੀ ਸਰਹੱਦ ’ਤੇ ਅਰਦਾਸ ਕੀਤੀ। ਉਨ੍ਹਾਂ ਭਾਰਤ ਅਤੇ ਪਾਕਿਸਤਾਨ ਸਰਕਾਰ ਤੋਂ ਮੰਗ ਕੀਤੀ ਅਟਾਰੀ-ਵਾਹਗਾ ਸਰਹੱਦ ਰਸਤੇ ਪਹਿਲਾਂ ਵਾਂਗ ਵਪਾਰ ਖੋਲ੍ਹਿਆ ਜਾਵੇ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਸਰ ਸ਼ਹਿਰੀ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਜਦੋਂ ਤੱਕ ਅਟਾਰੀ-ਵਾਹਗਾ ਸਰਹੱਦ ਰਸਤੇ ਵਪਾਰ ਸ਼ੁਰੂ ਨਹੀਂ ਹੁੰਦਾ, ਉਦੋਂ ਤੱਕ ਹਰ ਮਹੀਨੇ ਦੀ 10 ਤਰੀਕ ਨੂੰ ਇਹ ਅਰਦਾਸ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇੱਥੋਂ ਸਬਜ਼ੀਆਂ, ਖੇਤੀਬਾੜੀ ਦੇ ਸੰਦ ਤੇ ਹੋਰ ਵਸਤਾਂ ਗੁਜਰਾਤ ਬੰਦਰਗਾਹ ਰਸਤੇ ਪਾਕਿਸਤਾਨ ਜਾ ਸਕਦੀਆਂ ਹਨ ਤਾਂ ਫਿਰ ਪੰਜਾਬ ਰਸਤੇ ਕਿਉਂ ਨਹੀਂ ਜਾ ਸਕਦੀਆਂ। ਉਨ੍ਹਾਂ ਕਿਹਾ ਕਿ ਪੰਜਾਬ ਬਾਰਡਰ ਰਾਹੀਂ ਨਸ਼ਾ ਆਉਣ ਦਾ ਬਹਾਨਾ ਜਾਇਜ਼ ਨਹੀਂ ਹੈ ਕਿਉਂਕਿ ਨਸ਼ਾ ਤਾਂ ਗੁਜਰਾਤ ਬੰਦਰਗਾਹ ਰਸਤੇ ਵੀ ਆਇਆ ਸੀ। ਇਸ ਮੌਕੇ ਜਨਰਲ ਸਕੱਤਰ ਕਰਮ ਸਿੰਘ ਨੇ ਕਿਹਾ ਕਿ ਜੇਕਰ ਗੁਜਰਾਤ ਰਸਤੇ ਭਾਰਤ-ਪਾਕਿਸਤਾਨ ਵਿਚਾਲੇ ਵਪਾਰ ਹੋ ਰਿਹਾ ਹੈ ਤਾਂ ਪੰਜਾਬ ਨਾਲ ਮਤਰੇਆ ਸਲੂਕ ਕਿਉਂ? ਉਨ੍ਹਾਂ ਕਿਹਾ ਕਿ ਸਮੂਹ ਪੰਜਾਬ ਵਾਸੀ ਮਿਲ ਕੇ ਪ੍ਰੋਗਰਾਮ ਉਲੀਕਣ ਤਾਂ ਪੰਜਾਬ ਖੁਸ਼ਹਾਲ ਹੋ ਸਕਦਾ ਹੈ।