AN INSTITUTE FOR RESEARCH ON LITERATURE,CULTURE,HISTORY & HERITAGE OF PUNJAB”

ਭਾਰਤ-ਪਾਕਿ ਵਪਾਰ ਲਈ ਸੜਕੀ ਲਾਂਘੇ ਖੁੱਲ੍ਹਵਾਉਣ ਦੇ ਹੱਕ ’ਚ ਨਿੱਤਰੇ ਕਿਸਾਨ

ਕਿਰਤੀ ਕਿਸਾਨ ਯੂਨੀਅਨ ਨੇ ਅੱਜ ਅਟਾਰੀ-ਵਾਹਗਾ ਬਾਰਡਰ ’ਤੇ ਰੈਲੀ ਕਰਕੇ ਭਾਰਤ-ਪਾਕਿਸਤਾਨ ਵਪਾਰ ਨੂੰ ਅਟਾਰੀ-ਵਾਹਗਾ ਅਤੇ ਹੁਸੈਨੀਵਾਲਾ ਸੜਕੀ ਲਾਂਘਿਆਂ ਰਾਹੀਂ ਖੋਲ੍ਹਣ ਲਈ ਆਵਾਜ਼ ਬੁਲੰਦ ਕੀਤੀ ਹੈ। ਉਨ੍ਹਾਂ ਮੰਗ ਕੀਤੀ ਕਿ ਕਿਸਾਨਾਂ ਨੂੰ ਆਪਣੀ ਉਪਜ ਸਮੇਤ ਹੋਰ ਵਰਗਾਂ ਨੂੰ ਵੀਜ਼ਾ ਸ਼ਰਤਾਂ ਖਤਮ ਕਰਕੇ ਪਾਸਪੋਰਟ ’ਤੇ ਸਿੱਧਾ ਵਪਾਰ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਕੇਂਦਰ ਸਰਕਾਰ ਵੱਲੋਂ ਬਾਸਮਤੀ ਦੀ ਬਰਾਮਦ ਉਪਰ 1200 ਡਾਲਰ ਪ੍ਰਤੀ ਟਨ ਦੀ ਲਾਈ ਸ਼ਰਤ ਨੂੰ ਕਿਸਾਨ ਵਿਰੋਧੀ ਕਰਾਰ ਦਿੰਦਿਆਂ ਇਸ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਵੀ ਕੀਤੀ ਗਈ। ਇਸ ਮੌਕੇ ਅੰਮ੍ਰਿਤਸਰ ਫਰੂਟ ਐਂਡ ਵੈਜੀਟੇਬਲ ਮਰਚੈਂਟ ਐਸੋਸੀਏਸ਼ਨ, ਟਰੱਕ ਯੂਨੀਅਨ ਅਟਾਰੀ, ਫੋਕਲੋਰ ਰਿਸਰਚ ਅਕੈਡਮੀ ਨਾਲ ਜੁੜੇ ਬੁੱਧੀਜੀਵੀ, ਲੇਖਕ ਤੇ ਮਜ਼ਦੂਰ ਸ਼ਾਮਲ ਹੋਏ। ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਅਤੇ ਸੂਬਾ ਜਨਰਲ ਸਕੱਤਰ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਕਿਹਾ ਕਿ ਦੇਸ਼ ਦੇ ਹੁਕਮਰਾਨਾਂ ਨੂੰ ਦੁਸ਼ਮਣੀ ਦੀ ਅੱਗ ਬਾਲਣ ਦੀ ਥਾਂ ਦੋਸਤਾਨਾ ਰਿਸ਼ਤਿਆਂ ਨੂੰ ਉਸਾਰਨ ਵੱਲ ਅੱਗੇ ਵਧਣਾ ਚਾਹੀਦਾ ਹੈ। ਇਸ ਸਾਂਝ ਨੂੰ ਉਸਾਰਨ ਵਿੱਚ ਭਾਰਤ-ਪਾਕਿਸਤਾਨ ਵਪਾਰ ਮਹੱਤਵਪੂਰਨ ਕੜੀ ਹੈ। ਭਾਰਤ ਸਰਕਾਰ ਨੇ 2019 ’ਚ ਪਾਕਿਸਤਾਨ ਨੂੰ ਵਪਾਰ ਲਈ ਅਨੁਕੂਲ ਦੇਸ਼ਾਂ ਦੀ ਸੂਚੀ ਵਿੱਚੋਂ ਖਾਰਜ ਕਰਕੇ ਗੈਰ-ਜ਼ਰੂਰੀ ਵਸਤਾਂ ਉਪਰ 200 ਫੀਸਦੀ ਰੈਗੂਲੇਟਰੀ ਡਿਊਟੀ ਲਗਾ ਦਿੱਤੀ ਸੀ ਜਿਸ ਕਾਰਨ ਪੰਜਾਬ ਦੇ ਸੜਕੀ ਲਾਂਘਿਆਂ ਰਾਹੀਂ ਪਾਕਿਸਤਾਨ ਨਾਲ ਵਪਾਰ ਨਾ ਸਿਰਫ ਤਬਾਹ ਹੋ ਗਿਆ ਬਲਕਿ ਪੰਜਾਬ ਦੇ ਹਿੱਤਾਂ ਨੂੰ ਭਾਰੀ ਢਾਹ ਵੀ ਲੱਗੀ ਸੀ। ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਵਿਚਕਾਰ 1.35 ਅਰਬ ਡਾਲਰ ਦਾ ਵਪਾਰ ਹੋ ਰਿਹਾ ਹੈ ਪਰ ਇਹ ਵਪਾਰ ਜ਼ਿਆਦਾਤਰ ਅਡਾਨੀ ਦੀ ਮੁੰਦਰਾ ਬੰਦਰਗਾਹ (ਗੁਜਰਾਤ) ਤੋਂ ਸਮੁੰਦਰੀ ਰਸਤੇ ਰਾਹੀਂ ਹੁੰਦਾ ਹੈ। ਕੇਂਦਰ ਦੀ ਭਾਜਪਾ ਸਰਕਾਰ ’ਤੇ ਅਡਾਨੀ ਵਰਗੇ ਕਾਰਪੋਰੇਟ ਦੇ ਹਿੱਤ ਪੂਰਨ ਅਤੇ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਨ ਦਾ ਦੋਸ਼ ਲਗਾਉਂਦਿਆਂ ਕਿਸਾਨ ਆਗੂਆਂ ਨੇ ਪੰਜਾਬ ਦੇ ਸੜਕੀ ਲਾਂਘਿਆਂ ਅਟਾਰੀ-ਵਾਹਗਾ ਅਤੇ ਹੁਸੈਨੀਵਾਲਾ ਰਾਹੀਂ ਇਹ ਵਪਾਰ ਖੋਲ੍ਹਣ ਦੀ ਜ਼ੋਰਦਾਰ ਮੰਗ ਕੀਤੀ। ਮੀਤ ਪ੍ਰਧਾਨ ਜਤਿੰਦਰ ਸਿੰਘ ਛੀਨਾ ਅਤੇ ਸਤਬੀਰ ਸਿੰਘ ਸੁਲਤਾਨੀ ਨੇ ਕਿਹਾ ਕਿ ਮੌਜੂਦਾ ਸਮੇਂ ਦੋਵਾਂ ਮੁਲਕਾਂ ਵਿਚਕਾਰ 80 ਫੀਸਦੀ ਵਪਾਰ ਸਮੁੰਦਰੀ ਰਸਤਿਆਂ ਰਾਹੀਂ ਜਾਂ ਅਸਿੱਧੇ ਰੂਪ ਵਿੱਚ ਦੁਬਈ ਰਾਹੀਂ ਹੋ ਰਿਹਾ ਹੈ ਜੋ ਬਹੁਤ ਮਹਿੰਗਾ ਪੈਂਦਾ ਹੈ। ਇਸ ਮੌਕੇ ਸੂਬਾ ਪ੍ਰੈੱਸ ਸਕੱਤਰ ਰਾਮਿੰਦਰ ਸਿੰਘ ਪਟਿਆਲਾ, ਸੂਬਾ ਆਗੂ ਬਲਵਿੰਦਰ ਸਿੰਘ ਭੁੱਲਰ, ਤਰਸੇਮ ਸਿੰਘ ਬੰਨੇਮਲ, ਨਛੱਤਰ ਸਿੰਘ ਤਰਨ ਤਾਰਨ, ਹਰਦੀਪ ਕੌਰ ਕੋਟਲਾ, ਸੁਖਦੇਵ ਸਿੰਘ ਰੰਧਾਵਾ ਤੇ ਸਤਨਾਮ ਸਿੰਘ ਝੰਡੇਰ, ਟਰੱਕ ਯੂਨੀਅਨ ਅਟਾਰੀ ਦੇ ਪ੍ਰਧਾਨ ਹਰਿੰਦਰਪਾਲ ਸਿੰਘ ਸੰਧੂ ਨੇ ਵੀ ਸੰਬੋਧਨ ਕੀਤਾ।

Leave a Comment

Your email address will not be published. Required fields are marked *

Scroll to Top