AN INSTITUTE FOR RESEARCH ON LITERATURE,CULTURE,HISTORY & HERITAGE OF PUNJAB”
website header

ਮਜ਼ਦੂਰ ਮੋਰਚੇ ਵੱਲੋਂ ਸਰਕਾਰ ਖ਼ਿਲਾਫ਼ ਸੰਘਰਸ਼ ਤੇਜ਼ ਕਰਨ ਦਾ ਐਲਾਨ

ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਨੇ ਆਪਣੀਆਂ ਮੰਗਾਂ ਲਈ ਖੇਤੀਬਾੜੀ ਮੰਤਰੀ ਗੁਰਮੀਤ ਖੁੱਡੀਆਂ ਦੇ ਘਰ ਅੱਗੇ ਤਿੰਨ ਰੋਜ਼ਾ ਧਰਨੇ ਦੀ ਸਮਾਪਤੀ ਮੌਕੇ ਅੱਜ ਸੰਘਰਸ਼ ਤੇਜ਼ ਕਰਨ ਦਾ ਐਲਾਨ ਕੀਤਾ ਹੈ। ਮਜ਼ਦੂਰ ਜਥੇਬੰਦੀਆਂ ਨੇ 18 ਦਸੰਬਰ ਨੂੰ ਜਲੰਧਰ ਵਿੱਚ ਸਾਂਝੇ ਮਜ਼ਦੂਰ ਮੋਰਚੇ ਦੀ ਅਗਵਾਈ ਹੇਠ ਸੂਬਾਈ ਮੀਟਿੰਗ ਰੱਖੀ ਹੈ ਜਿਸ ਵਿੱਚ ਅਗਾਮੀ ਸੰਘਰਸ਼ ਦੀ ਰਣਨੀਤੀ ਅਤੇ ਵਿਉਂਤਬੰਦੀ ਉਲੀਕੀ ਜਾਵੇਗੀ। ਅੱਜ ਤੀਜੇ ਦਿਨ ਧਰਨੇ ਦੀ ਸਮਾਪਤੀ ਤੋਂ ਪਹਿਲਾਂ ਸਾਂਝੇ ਮਜ਼ਦੂਰ ਮੋਰਚੇ ਦੇ ਆਗੂਆਂ ਲਛਮਣ ਸਿੰਘ ਸੇਵੇਵਾਲਾ, ਅਵਤਾਰ ਸਿੰਘ ਤਾਰੀ, ਮਿੱਠੂ ਸਿੰਘ ਘੁੱਦਾ, ਹਰਵਿੰਦਰ ਸਿੰਘ ਸੇਮਾ, ਤੋਤਾ ਸਿੰਘ, ਸੰਦੀਪ ਸਿੰਘ ਪੰਡੋਰੀ ਅਤੇ ਰਿਸ਼ੀ ਰਾਮ ਖੁੱਬਣ ਨੇ ਆਖਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮਜ਼ਦੂਰ ਜਥੇਬੰਦੀਆਂ ਨੂੰ ਵਾਰ-ਵਾਰ ਮੀਟਿੰਗਾਂ ਦਾ ਸਮਾਂ ਦੇਣ ਦੇ ਬਾਵਜੂਦ ਮੀਟਿੰਗਾਂ ਨਹੀਂ ਕੀਤੀਆਂ ਜਾ ਰਹੀਆਂ। ਇਸ ਤੋਂ ਇਲਾਵਾ ਦਿਹਾੜੀ ਦਾ ਸਮਾਂ 12 ਘੰਟੇ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰਨ ਨਾਲ ਸਰਕਾਰ ਦਾ ਮਜ਼ਦੂਰ ਵਿਰੋਧੀ ਚਿਹਰਾ ਜੱਗ ਜ਼ਾਹਿਰ ਹੋ ਗਿਆ ਹੈ। ਉਨ੍ਹਾਂ ਆਖਿਆ ਕਿ ਇਨਕਲਾਬ ਦੇ ਝੂਠੇ ਨਾਅਰੇ ਅਤੇ ਬਦਲਾਅ ਦੇ ਲਾਰੇ ਲਗਾ ਕੇ ਵੋਟਾਂ ਬਟੋਰਨ ਤੋਂ ਬਾਅਦ ‘ਆਪ’ ਸਰਕਾਰ ਲਗਾਤਾਰ ਕਾਰਪੋਰੇਟ ਘਰਾਣਿਆਂ, ਸੂਦਖੋਰਾਂ ਤੇ ਜਗੀਰਦਾਰਾਂ ਪੱਖੀ ਅਤੇ ਮਜ਼ਦੂਰ ਤੇ ਲੋਕ ਵਿਰੋਧੀ ਨੀਤੀਆਂ ਲਾਗੂ ਕਰ ਰਹੀ ਹੈ। ਖੇਤ ਮਜ਼ਦੂਰ ਆਗੂਆਂ ਨੇ ਕਿਹਾ ਕਿ ਜਾਤ-ਪਾਤ, ਧੱਕੇ, ਵਿਤਕਰੇ ਤੋਂ ਮੁਕਤ ਬਰਾਬਰੀ ਵਾਲਾ ਰੁਤਬਾ ਹਾਸਲ ਕਰਨ ਲਈ ਮਜ਼ਦੂਰ ਵਰਗ ਨੂੰ ਸਾਂਝੇ, ਵਿਸ਼ਾਲ ਤੇ ਤਿੱਖੇ ਘੋਲਾਂ ਦੇ ਰਾਹ ਪੈਣ ਦੀ ਲੋੜ ਹੈ। ਆਗੂਆਂ ਨੇ ਐਲਾਨ ਕੀਤਾ ਕਿ ‘ਆਪ’ ਸਰਕਾਰ ਵੱਲੋਂ ਦਿੱਤੀਆਂ ਗਈਆਂ ਚੋਣ ਗਾਰੰਟੀਆਂ ਲਾਗੂ ਕਰਵਾਉਣ ਤੇ ਆਪਣੀਆਂ ਮੰਗਾਂ ਲਈ ਸੰਘਰਸ਼ ਤੇਜ਼ ਕੀਤਾ ਜਾਵੇਗਾ।

Scroll to Top