
ਪੰਜਾਬ ਪੁਲਿਸ ਲਈ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੇ ਸਾਬਕਾ ਪੁਲਿਸ ਅਧਿਕਾਰੀ ਚੁਣੌਤੀ ਬਣੇ ਹੋਏ ਹਨ। ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੋਂ ਲੈ ਕੇ ਪੰਜਾਬ ਪੁਲਿਸ ਤੋਂ ਬਰਖ਼ਾਸਤ ਏਆਈਜੀ ਰਾਜਜੀਤ ਸਿੰਘ ਤੱਕ ਪੁਲਿਸ ਪਹੁੰਚਣ ’ਚ ਨਾਕਾਮ ਸਾਬਤ ਹੋ ਰਹੀ ਹੈ। ਮਨਪ੍ਰੀਤ ਸਿੰਘ ਬਾਦਲ ਨੂੰ ਫ਼ਰਾਰ ਹੋਏ ਪੰਜ ਦਿਨ ਹੋ ਗਏ ਹਨ ਪਰ ਪੁਲਿਸ ਦੇ ਹਾਲੇ ਤੱਕ ਖ਼ਾਲੀ ਹਨ। ਉਥੇ ਬਰਖ਼ਾਸਤ ਏਆਈਜੀ ਰਾਜਜੀਤ ਸਿੰਘ ਵੀ ਪੰਜ ਮਹੀਨਿਆਂ ਤੋਂ ਫ਼ਰਾਰ ਹੈ ਜੋ ਹਾਲੇ ਤੱਕ ਪੁਲਿਸ ਦੇ ਹੱਥ ਨਹੀਂ ਲੱਗ ਸਕਿਆ। ਓਧਰ ਭ੍ਰਿਸ਼ਟਾਚਾਰ ਅਤੇ ਕ੍ਰਾਈਮ ਦੇ ਮਾਮਲਿਆਂ ’ਚ ਫਸੇ ਪੁਲਿਸ ਤੇ ਪ੍ਰਸ਼ਾਸਨਿਕ ਅਧਿਕਾਰੀ ਵੱਡੀ ਚੁਣੌਤੀ ਬਣ ਰਹੇ ਹਨ। ਕਈ ਮਾਮਲਿਆਂ ’ਚ ਵਿਜੀਲੈਂਸ, ਪੁਲਿਸ ਦੀ ਜਾਂਚ ਅੱਗੇ ਨਹੀਂ ਵਧ ਰਹੀ ਹੈ। ਕਈ ਮੁਲਜ਼ਮ ਮਾਮਲੇ ਦਰਜ ਹੋਣ ਤੋਂ ਬਾਅਦ ਵਿਦੇਸ਼ ਭੱਜ ਗਏ। ਬਰਖ਼ਾਸਤ ਏਆਈਜੀ ਰਾਜਜੀਤ ਸਿੰਘ ਤੋਂ ਇਲਾਵਾ ਢਿੱਲੋਂ ਭਰਾਵਾਂ ਦੀ ਹੱਤਿਆ ਦੇ ਮਾਮਲੇ ਵਿਚ ਬਰਖ਼ਾਸਤ ਕੀਤਾ ਗਿਆ ਇੰਸਪੈਕਟਰ ਨਵਦੀਪ ਸਿੰਘ ਵੀ ਪੁਲਿਸ ਦੇ ਗਲ਼ੇ ਦੀ ਹੱਡੀ ਬਣ ਗਿਆ ਹੈ। ਪੁਲਿਸ ਮਹਿਕਮੇ ਤੋਂ ਬਰਖ਼ਾਸਤ ਕੀਤੇ ਗਏ ਇਨ੍ਹਾਂ ਅਧਿਕਾਰੀਆਂ ਨੂੰ ਫੜਨ ’ਚ ਪੁਲਿਸ ਪੂਰੀ ਤਰ੍ਹਾਂ ਨਾਕਾਮ ਸਾਬਤ ਹੋ ਰਹੀ ਹੈ। ਨਵਦੀਪ ਸਿੰਘ ਸਮੇਤ ਤਿੰਨ ਪੁਲਿਸ ਅਧਿਕਾਰੀਆਂ ’ਤੇ ਦੋ ਭਰਾਵਾਂ ਨੂੰ ਖ਼ੁਦਕੁਸ਼ੀ ਲਈ ਮਜਬੂਰ ਕਰਨ ਤੇ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਨਜ਼ਦੀਕੀ ਤੇ ਫੂਡ ਤੇ ਸਪਲਾਈ ਵਿਭਾਗ ਦੇ ਸਾਬਕਾ ਡਿਪਟੀ ਡਾਇਰੈਕਟਰ ਰਾਕੇਸ਼ ਕੁਮਾਰ ਸਿੰਗਲਾ ਨੂੰ ਵੀ ਗਿ੍ਰਫ਼ਤਾਰ ਨਹੀਂ ਕੀਤਾ ਜਾ ਸਕਿਆ। ਰਾਕੇਸ਼ ਸਿੰਗਲਾ ਦੇ ਵਿਦੇਸ਼ ਚਲੇ ਜਾਣ ਦੀ ਜਾਣਕਾਰੀ ਹੈ। ਉਥੇ ਬਹੁ-ਚਰਚਿਤ ਅਮਰੂਦ ਘੁਟਾਲੇ ਵਿਚ ਪੰਜਾਬ ਦੇ ਦੋ ਆਈਏਐੱਸ ਅਧਿਕਾਰੀਆਂ ਦੀਆਂ ਪਤਨੀਆਂ ਦੇ ਖ਼ਿਲਾਫ਼ ਵਿਜੀਲੈਂਸ ਬਿਊਰੋ ਵੱਲੋਂ ਮਾਮਲਾ ਤਾਂ ਦਰਜ ਕੀਤਾ ਗਿਆ ਪਰ ਨਾ ਤਾਂ ਉਨ੍ਹਾਂ ਨੂੰ ਗਿ੍ਰਫ਼ਤਾਰ ਕੀਤਾ ਗਿਆ ਅਤੇ ਨਾ ਹੀ ਕਿਸੇ ਤਰ੍ਹਾਂ ਦੀ ਪੁੱਛਗਿੱਛ ਕੀਤੀ ਗਈ। ਪੰਜਾਬ ਸਟੇਟ ਇੰਡਸਟਰੀਜ਼ ਐਕਸਪੋਰਟ ਕਾਰਪੋਰੇਸ਼ਨ ਪਲਾਟ ਘੁਟਾਲੇ ਮਾਮਲੇ ’ਚ ਆਈਏਐੱਸ ਨੀਲਿਮਾ ਦੇ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਪਰ ਕਿਸੇ ਤਰ੍ਹਾਂ ਦੀ ਜਾਂਚ ਅੱਗੇ ਨਹੀਂ ਵਧੀ।