
ਅਕਾਲ ਤਖਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸ਼੍ਰੋਮਣੀ ਕਮੇਟੀ ਨੂੰ ਆਦੇਸ਼ ਦਿੱਤਾ ਹੈ ਕਿ ਉਹ ਇੱਕ ਉੱਚ ਪੱਧਰੀ ਕਮੇਟੀ ਦਾ ਗਠਨ ਕਰੇ ਜਿਸ ਵੱਲੋਂ ਸ੍ਰੀ ਅਕਾਲ ਤਖਤ ਦੀ ਫਸੀਲ ’ਤੇ ਆ ਕੇ ਆਪੇ ਮਾਈਕ ਫੜ ਕੇ ਬੋਲਣ ਵਾਲੇ ਨਿਹੰਗ ਸਿੰਘ ਦੇ ਮਾਮਲੇ ਦੀ ਜਾਂਚ ਕੀਤੀ ਜਾਵੇ ਅਤੇ ਇਸ ਸਬੰਧੀ ਭਵਿੱਖ ਦੀ ਰਣਨੀਤੀ ਵੀ ਨਿਰਧਾਰਿਤ ਕੀਤੀ ਜਾਵੇ। ਇਹ ਜਾਣਕਾਰੀ ਸ੍ਰੀ ਅਕਾਲ ਤਖਤ ਸਕੱਤਰੇਤ ਵੱਲੋਂ ਦਿੱਤੀ ਗਈ ਹੈ। ਇਸ ਸਬੰਧ ਵਿੱਚ ਕੁਝ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਅੱਜ ਆਪੋ-ਆਪਣਾ ਪੱਖ ਵੀ ਸਪਸ਼ਟ ਕਰਦਿਆਂ ਆਖਿਆ ਗਿਆ ਹੈ ਕਿ ਫਸੀਲ ’ਤੇ ਆਪੇ ਮਾਈਕ ਫੜ ਕੇ ਬੋਲਣ ਵਾਲੇ ਨਿਹੰਗ ਸਿੰਘ ਨਾਲ ਉਨ੍ਹਾਂ ਦਾ ਕੋਈ ਸਬੰਧ ਨਹੀਂ ਹੈ। ਨਿਹੰਗ ਜਥੇਬੰਦੀ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਨੇ ਸਪਸ਼ਟ ਕੀਤਾ ਹੈ ਕਿ ਇਸ ਘਟਨਾ ਨਾਲ ਬੁੱਢਾ ਦਲ ਦਾ ਕੋਈ ਸਬੰਧ ਨਹੀਂ ਹੈ। ਇਸੇ ਤਰ੍ਹਾਂ ਇੱਕ ਹੋਰ ਨਿਹੰਗ ਜਥੇਬੰਦੀ ਤਰਨਾ ਦਲ ਵੱਲੋਂ ਵੀ ਸਪਸ਼ਟ ਕੀਤਾ ਗਿਆ ਹੈ ਕਿ ਉਨ੍ਹਾਂ ਦਾ ਇਸ ਘਟਨਾ ਨਾਲ ਕੋਈ ਸਬੰਧ ਨਹੀਂ ਹੈ। ਇਸ ਘਟਨਾ ਸਬੰਧੀ ਇੱਕ ਵੀਡੀਓ ਵੀ ਵਾਇਰਲ ਹੋਈ ਹੈ ਜਿਸ ਵਿੱਚ ਇਹ ਨਿਹੰਗ ਸਿੰਘ ਆਪੇ ਮਾਈਕ ਫੜ ਕੇ ਅਕਾਲ ਤਖਤ ਦੀ ਫਸੀਲ ਤੋਂ ਬੋਲਦਾ ਨਜ਼ਰ ਆ ਰਿਹਾ ਹੈ। ਅਕਾਲ ਤਖਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਆਖਿਆ ਕਿ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇਗੀ। ਇਸ ਘਟਨਾ ਨੂੰ ਮਰਿਆਦਾ ਦੀ ਉਲੰਘਣਾ ਦੱਸਿਆ ਜਾ ਰਿਹਾ ਹੈ ਕਿਉਂਕਿ ਅਕਾਲ ਤਖਤ ਦੀ ਫਸੀਲ ਤੋਂ ਸਿਰਫ ਸ੍ਰੀ ਅਕਾਲ ਤਖ਼ਤ ਦਾ ਜਥੇਦਾਰ ਅਤੇ ਹੋਰ ਤਖਤਾਂ ਦੇ ਜਥੇਦਾਰ ਹੀ ਸੰਬੋਧਨ ਕਰ ਸਕਦੇ ਹਨ। ਜ਼ਿਕਰਯੋਗ ਹੈ ਕਿ ਕੁਝ ਸਾਲ ਪਹਿਲਾਂ ਤੱਕ ਬੰਦੀ ਛੋੜ ਦਿਵਸ ਮੌਕੇ ਨਿਹੰਗ ਸਿੰਘ ਜਥੇਬੰਦੀਆਂ ਦੇ ਸਨਮਾਨ ਲਈ ਸਮਾਗਮ ਸ੍ਰੀ ਅਕਾਲ ਤਖਤ ਦੇ ਸਨਮੁੱਖ ਹੇਠ ਕੀਤਾ ਜਾਂਦਾ ਸੀ।