AN INSTITUTE FOR RESEARCH ON LITERATURE,CULTURE,HISTORY & HERITAGE OF PUNJAB”
website header

ਮਾਨ ਅਤੇ ਮਜੀਠੀਆ ਵਿਚਾਲੇ ਸ਼ਬਦੀ ਜੰਗ ਭਖੀ

ਮੁੱਖ ਮੰਤਰੀ ਭਗਵੰਤ ਮਾਨ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਵਿਚਾਲੇ ਮੁੜ ਸ਼ੁਰੂ ਹੋਈ ਸ਼ਬਦੀ ਜੰਗ ਤੇਜ਼ ਹੁੰਦੀ ਜਾ ਰਹੀ ਹੈ ਅਤੇ ਦੋਵਾਂ ਧਿਰਾਂ ਵੱਲੋਂ ਇਕ-ਦੂਜੇ ਖ਼ਿਲਾਫ਼ ਦੂਸ਼ਨਬਾਜ਼ੀ ਦਾ ਸਿਲਸਿਲਾ ਜਾਰੀ ਹੈ। ਬਿਕਰਮ ਸਿੰਘ ਮਜੀਠੀਆ ਨੇ ਅੱਜ ਕਿਹਾ ਕਿ ਮੁੱਖ ਮੰਤਰੀ ਮਜੀਠੀਆ ਪਰਿਵਾਰ ਨੂੰ ਬਦਨਾਮ ਕਰਨ ਲਈ ਪੱਬਾਂ ਭਾਰ ਹੋ ਗਏ ਹਨ ਅਤੇ ਦੋਸ਼ ਲਾਇਆ ਕਿ ਇਸ ਬੁਖਲਾਹਟ ’ਚ ਮੁੱਖ ਮੰਤਰੀ ਭਗਵੰਤ ਮਾਨ ਨੇ ਸਮੁੱਚੀ ਸਿੱਖ ਕੌਮ ਦਾ ਅਪਮਾਨ ਕੀਤਾ ਹੈ। ਅਕਾਲੀ ਆਗੂ ਨੇ ਇਹ ਗੱਲਾਂ ਮੁੱਖ ਮੰਤਰੀ ਵੱਲੋਂ ਲੰਘੇ ਦਿਨ ਮਜੀਠੀਆ ਪਰਿਵਾਰ ਪ੍ਰਤੀ ਕੀਤੀ ਟਿੱਪਣੀ ਦੇ ਜਵਾਬ ’ਚ ਆਖੀਆਂ। ਮਜੀਠੀਆ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਦੇ ਪਰਿਵਾਰ ਦੀ ਨਿਹੰਗ ਸਿੰਘਾਂ ਦੇ ਇਕ ਜੱਥੇ ਨਾਲ ਕਥਿਤ ਨੇੜਤਾ ਦੇ ਮੱਦੇਨਜ਼ਰ ਸੁਲਤਾਨਪੁਰ ਲੋਧੀ ’ਚ ਗੁਰਦੁਆਰਾ ਅਕਾਲ ਬੁੰਗਾ ’ਚ ਹਮਲਾ ਹੋਇਆ ਅਤੇ ਉਸ ਦਾ ਖੁਲਾਸਾ ਹੋਣ ਮਗਰੋਂ ਉਹ ਬੁਖਲਾ ਗਏ ਹਨ। ਉਨ੍ਹਾਂ ਕਿਹਾ ਕਿ ਇਸੇ ਤਹਿਤ ਹੀ ਮੁੱਖ ਮੰਤਰੀ ਮਜੀਠੀਆ ਪਰਿਵਾਰ ਦੀ ਬਦਨਾਮੀ ਕਰਨ ਦੇ ਚੱਕਰ ਵਿੱਚ ਸਮੁੱਚੀ ਸਿੱਖ ਕੌਮ ਦੀ ਬਦਨਾਮੀ ਕਰ ਰਹੇ ਹਨ, ਜੋ ਕਿ ਨਹੀਂ ਕਰਨੀ ਚਾਹੀਦੀ। ਅਰਬੀ ਘੋੜਿਆਂ ਸਬੰਧੀ ਟਿੱਪਣੀ ਬਾਰੇ ਮਜੀਠੀਆ ਨੇ ਕਿਹਾ ਕਿ ਮੇਰਠ ’ਚ ਲੰਬੇ ਸਮੇਂ ਤੱਕ ਸਿੱਖ ਰੈਜਮੈਂਟ ਦਾ ਕੇਂਦਰ ਰਿਹਾ ਹੈ ਅਤੇ ਉਥੇ ਸਿੱਖਾਂ ਦਾ ਬਹੁਤ ਆਦਰ ਸਤਿਕਾਰ ਹੈ। ਇਸ ਦਾ ਅੰਦਾਜ਼ਾ ਇਥੋਂ ਹੀ ਲਾਇਆ ਜਾ ਸਕਦਾ ਹੈ ਕਿ ਮੇਰਠ ਦੇ ਲੋਕਾਂ ਨੇ ਕਿਸਾਨ ਅੰਦੋਲਨ ਦੀ ਡਟਵੀਂ ਹਮਾਇਤ ਕੀਤੀ ਸੀ। ਮਜੀਠੀਆ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਦਾਦਾ ਸੁਰਜੀਤ ਸਿੰਘ ਮਜੀਠੀਆ 1952 ਤੋਂ 1962 ਤੱਕ ਡਿਪਟੀ ਰੱਖਿਆ ਮੰਤਰੀ ਰਹੇ ਅਤੇ ਉਨ੍ਹਾਂ ਨੂੰ ਕਦੇ ਵੀ ਅਸਤੀਫ਼ਾ ਦੇਣ ਵਾਸਤੇ ਮਜਬੂਰ ਨਹੀਂ ਕੀਤਾ ਗਿਆ ਜਿਸ ਤਰ੍ਹਾਂ ਕਿ ਮੁੱਖ ਮੰਤਰੀ ਵੱਲੋਂ ਦਾਅਵਾ ਕੀਤਾ ਗਿਆ ਹੈ।

Scroll to Top