AN INSTITUTE FOR RESEARCH ON LITERATURE,CULTURE,HISTORY & HERITAGE OF PUNJAB”
website header

ਮੁਕੇਰੀਆਂ ’ਚ ਕੌਮੀ ਮਾਰਗ ’ਤੇ ਆਵਾਜਾਈ ਰੋਕੀ

ਗੰਨੇ ਦਾ ਭਾਅ 450 ਰੁਪਏ ਪ੍ਰਤੀ ਕੁਇੰਟਲ ਕਰਨ ਅਤੇ ਖੰਡ ਮਿੱਲਾਂ ਤੁਰੰਤ ਚਾਲੂ ਕਰਵਾਉਣ ਲਈ 16 ਕਿਸਾਨ ਜਥੇਬੰਦੀਆਂ ਦੀ ਸਾਂਝੀ ਕਮੇਟੀ ਨੇ ਅੱਜ ਮੁਕੇਰੀਆਂ ’ਚ ਜਲੰਧਰ-ਪਠਾਨਕੋਟ ਕੌਮੀ ਮਾਰਗ ’ਤੇ ਖੰਡ ਮਿੱਲ ਮੂਹਰੇ ਧਰਨਾ ਲਾ ਦਿੱਤਾ ਹੈ। ਇਸ ਤੋਂ ਪਹਿਲਾਂ ਕਿਸਾਨਾਂ ਨੇ ਸਰਕਾਰ ਵੱਲੋਂ ਗੰਨੇ ਦੇ ਭਾਅ ’ਚ ਕੀਤਾ 11 ਰੁਪਏ ਦਾ ਵਾਧਾ ਰੱਦ ਕਰ ਦਿੱਤਾ ਹੈ। ਆਗੂਆਂ ਨੇ ਕਿਹਾ ਕਿ ਸੂਬਾ ਸਰਕਾਰ ਨੇ ਭਾਅ ’ਚ ਸਿਰਫ ਇੱਕ ਰੁਪਏ ਦਾ ਵਾਧਾ ਕੀਤਾ ਹੈ ਜਦਕਿ 10 ਰੁਪਏ ਤਾਂ ਪਹਿਲਾਂ ਹੀ ਕੇਂਦਰ ਸਰਕਾਰ ਵਧਾ ਚੁੱਕੀ ਹੈ। ਧਰਨੇ ਦੌਰਾਨ ਡੀਸੀ ਕੋਮਲ ਮਿੱਤਲ ਅਤੇ ਐੱਸਐੱਸਪੀ ਸੁਰਿੰਦਰ ਲਾਂਬਾ ਵੱਲੋਂ ਕਿਸਾਨਾਂ ਨਾਲ ਮੀਟਿੰਗਾਂ ਦਾ ਦੌਰ ਚਲਾਇਆ ਗਿਆ ਜਿਸ ਉਪਰੰਤ ਕਿਸਾਨਾਂ ਨੇ ਰਾਤ 8 ਵਜੇ ਕੌਮੀ ਮਾਰਗ ਦਾ ਇੱਕ ਪਾਸਾ ਆਵਾਜਾਈ ਲਈ ਖੋਲ੍ਹ ਦਿੱਤਾ। ਕਿਸਾਨਾਂ ਨੇ ਕਿਹਾ ਗੰਨੇ ਦਾ ਵਾਜਬ ਭਾਅ ਤੈਅ ਹੋਣ ਤੱਕ ਧਰਨਾ ਜਾਰੀ ਰਹੇਗਾ। ਇਸੇ ਦੌਰਾਨ ਕਿਸਾਨ ਜਥੇਬੰਦੀਆਂ ਨੇ ਭਲਕੇ 2 ਦਸੰਬਰ ਨੂੰ ਮੁੱਖ ਮੰਤਰੀ ਦੀ ਗੁਰਦਾਸਪੁਰ ਵਿੱਚ ਹੋਣ ਵਾਲੀ ਰੈਲੀ ਦਾ ਵਿਰੋਧ ਕਰਨ ਦਾ ਐਲਾਨ ਵੀ ਕੀਤਾ ਹੈ। ਧਰਨੇ ਵਿੱਚ ਬੀਕੇਯੂ (ਆਜ਼ਾਦ) ਦੇ ਸੂਬਾ ਪ੍ਰਧਾਨ ਅਮਰਜੀਤ ਸਿੰਘ ਰੜ੍ਹਾ, ਪੱਗੜੀ ਸੰਭਾਲ ਲਹਿਰ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਬਾਗੜੀਆਂ ਅਤੇ ਜਨਰਲ ਸਕੱਤਰ ਗੁਰਨਾਮ ਸਿੰਘ ਜਹਾਨਪੁਰ, ਪੱਗੜੀ ਸੰਭਾਲ ਜੱਟਾ ਲਹਿਰ ਦੇ ਪ੍ਰਧਾਨ ਕੰਵਲਪ੍ਰੀਤ ਸਿੰਘ ਕਾਕੀ, ਬਲਜਿੰਦਰ ਸਿੰਘ ਚੀਮਾ, ਬੀਕੇਯੂ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਗੁਰਪ੍ਰਤਾਪ ਸਿੰਘ, ਬੀਕੇਯੂ ਗੜ੍ਹਦੀਵਾਲਾ ਦੇ ਪ੍ਰਧਾਨ ਜੁਝਾਰ ਸਿੰਘ ਕੇਸ਼ੋਪੁਰ ਤੇ ਗੰਨਾ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਸੁਖਪਾਲ ਸਿੰਘ ਸ਼ਾਮਲ ਹੋਏ। ਡੀਸੀ ਅਤੇ ਐੱਸਐੱਸਪੀ ਵੱਲੋਂ ਕਿਸਾਨਾਂ ਨਾਲ ਤਿੰਨ ਮੀਟਿੰਗਾਂ ਕੀਤੀਆਂ ਗਈਆਂ ਜਿਸ ਦੌਰਾਨ ਪ੍ਰਸ਼ਾਸਨ ਨੇ ਕਿਸਾਨਾਂ ਨੂੰ ਖੰਡ ਮਿੱਲਾਂ ਚਲਾਉਣ, ਗੰਨੇ ਦੇ ਭਾਅ ’ਚ ਵਾਧੇ ਦਾ ਨੋਟੀਫਿਕੇਸ਼ਨ ਜਾਰੀ ਕਰਵਾਉਣ ਦਾ ਭਰੋਸਾ ਦਿੱਤਾ ਪਰ ਕਿਸਾਨ ਗੰਨੇ ਦਾ ਭਾਅ 450 ਰੁਪਏ ਪ੍ਰਤੀ ਕੁਇੰਟਲ ਕਰਨ ਦੀ ਮੰਗ ’ਤੇ ਅੜੇ ਰਹੇ। ਇਸੇ ਦੌਰਾਨ ਸ਼ਾਮ ਕਰੀਬ ਸਾਢੇ 6 ਵਜੇ ਐੱਸਐੱਸਪੀ ਲਾਂਬਾ ਨੇ ਡੀਸੀ ਦੀ ਹਾਜ਼ਰੀ ਵਿੱਚ ਧਰਨਾਕਾਰੀਆਂ ਨੂੰ ਚਿਤਾਵਨੀ ਵਜੋਂ ਸੜਕ ਖਾਲੀ ਕਰਨ ਲਈ ਕਿਹਾ ਅਤੇ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਗ੍ਰਿਫਤਾਰੀ ਦੇਣ ਲਈ ਪ੍ਰਸ਼ਾਸਨ ਦੀਆਂ ਗੱਡੀਆਂ ’ਚ ਬੈਠਣ ਦੀ ਹਦਾਇਤ ਕੀਤੀ। ਇਸੇ ਦੌਰਾਨ ਪੁਲੀਸ ਵੱਲੋਂ ਧਰਨਾਕਾਰੀਆਂ ਨੂੰ ਘੇਰਾ ਪਾਉਣ ਅਤੇ ਐੱਸਐੱਸਪੀ ਦੀ ਟਿੱਪਣੀ ਤੋਂ ਕਿਸਾਨ ਭੜਕ ਗਏ। ਕਿਸਾਨਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਪ੍ਰਸ਼ਾਸਨ ਨੇ ਧੱਕਾ ਕੀਤਾ ਤਾਂ ਇਸ ਦਾ ਅਸਰ ਮੁੱਖ ਮੰਤਰੀ ਦੀ ਗੁਰਦਾਸਪੁਰ ਰੈਲੀ ਉੱਤੇ ਪਵੇਗਾ, ਜਿਸ ਤੋਂ ਬਾਅਦ ਪ੍ਰਸ਼ਾਸਨ ਨਰਮ ਪੈ ਗਿਆ। ਖ਼ਬਰ ਲਿਖੇ ਜਾਣ ਤੱਕ ਕਿਸਾਨਾਂ ਦਾ ਧਰਨਾ ਜਾਰੀ ਸੀ। ਗੰਨਾ ਉਤਪਾਦਕਾਂ ਨੇ ਸਰਕਾਰ ਵੱਲੋਂ ਗੰਨੇ ਦੇ ਖਰੀਦ ਮੁੱਲ ’ਚ 11 ਰੁਪਏ ਪ੍ਰਤੀ ਕੁਇੰਟਲ ਕੀਤਾ ਵਾਧਾ ਰੱਦ ਕਰਦਿਆਂ ਮੁੜ ਹਾਈਵੇਅ ਜਾਮ ਕਰਨ ਦਾ ਐਲਾਨ ਕਰ ਦਿੱਤਾ ਹੈ। ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਬਲਵਿੰਦਰ ਸਿੰਘ ਮੱਲ੍ਹੀ ਨੰਗਲ ਤੇ ਦੋਆਬਾ ਕਿਸਾਨ ਕਮੇਟੀ ਪੰਜਾਬ ਦੇ ਪ੍ਰਧਾਨ ਜੰਗਬੀਰ ਚੌਹਾਨ ਨੇ ਕਿਹਾ ਕਿ ਗੰਨੇ ਦੇ ਭਾਅ ’ਚ ਵਾਧੇ ਸਬੰਧੀ ਸਿਰਫ਼ ‘ਐਕਸ’ ਉੱਤੇ ਜਾਣਕਾਰੀ ਦਿੱਤੀ ਗਈ ਹੈ ਤੇ ਇਸ ਬਾਰੇ ਕੋਈ ਨੋਟੀਫਿਕੇਸ਼ਨ ਵੀ ਨਹੀਂ ਜਾਰੀ ਕੀਤਾ ਗਿਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਲਕ ਤਕ ਗੰਨੇ ਦਾ ਸਮਰਥਨ ਮੁੱਲ 400 ਰੁਪਏ ਪ੍ਰਤੀ ਕੁਇੰਟਲ ਤੋਂ ਵੱਧ ਕਰਨ ਬਾਰੇ ਨੋਟੀਫਿਕੇਸ਼ਨ ਜਾਰੀ ਕਰਨ ਅਤੇ ਖੰਡ ਮਿੱਲਾਂ ਨੂੰ ਤੁਰੰਤ ਚਾਲੂ ਕਰਵਾਉਣ। ਉਨ੍ਹਾਂ ਰੇਲ ਆਵਾਜਾਈ ਰੋਕਣ ਵਾਲੇ ਕਿਸਾਨਾਂ ਖ਼ਿਲਾਫ਼ ਕੇਸ ਦਰਜ ਕਰਨ ਦੀ ਨਿਖੇਧੀ ਕਰਦਿਆਂ ਚਿਤਾਵਨੀ ਦਿੱਤੀ ਕਿ ਜੇਕਰ ਇਨ੍ਹਾਂ ਕੇਸਾਂ ਦੇ ਆਧਾਰ ’ਤੇ ਉਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਕੀਤੀ ਗਈ ਤਾਂ ਉਸ ਦਾ ਜਵਾਬ ਦਿੱਤਾ ਜਾਵੇਗਾ।

Scroll to Top