
ਪੀ ਐਸ ਟੈੱਟ ਯੂਨੀਅਨ ਪੰਜਾਬ ਦੀ ਅਗਵਾਈ ਵਿੱਚ ਈਟੀਟੀ ਅਤੇ ਬੀਐੱਡ ਪਾਸ ਉਮੀਦਵਾਰਾਂ ਵੱਲੋਂ ਇਥੇ ਮੁੱਖ ਮੰਤਰੀ ਦੀ ਕੋਠੀ ਤੱਕ ਰੋਸ ਮਾਰਚ ਕਰਦਿਆਂ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਪੀਐਸ ਟੈਟ ਦਾ ਨੋਟੀਫਿਕੇਸ਼ਨ ਜਾਰੀ ਕਰਨ ਸਣੇ ਹੋਰ ਮਸਲੇ ਹੱਲ ਕਰਨ ਦੀ ਮੰਗ ਕੀਤੀ। ਉਨ੍ਹਾਂ ਚਤਿਾਵਨੀ ਦਿੰਦਿਆਂ ਕਿਹਾ ਕਿ ਜੇਕਰ ਮੰਗਾਂ ਦਾ ਜਲਦ ਹੱਲ ਨਾ ਕੀਤਾ ਤਾਂ ਤਿੱਖਾ ਸੰਘਰਸ਼ ਉਲੀਕਿਆ ਜਾਵੇਗਾ। ਪੀਐਸ ਟੈਟ ਯੂਨੀਅਨ ਦੇ ਝੰਡੇ ਹੇਠ ਉਮੀਦਵਾਰ ਅੱਜ ਸਥਾਨਕ ਵੇਰਕਾ ਮਿਲਕ ਪਲਾਂਟ ਨੇੜੇ ਇਕੱਠੇ ਹੋਏ ਜਿਥੋਂ ਰੋੋਸ ਮਾਰਚ ਕਰਦੇ ਹੋਏ ਮੁੱਖ ਮੰਤਰੀ ਦੀ ਰਿਹਾਇਸ਼ ਵਾਲੀ ਕਲੋਨੀ ਦੇ ਗੇਟ ਤੱਕ ਪੁੱਜੇ ਪਰ ਪੁਲੀਸ ਵਲੋਂ ਉਨ੍ਹਾਂ ਨੂੰ ਰੋਕ ਲਿਆ ਗਿਆ। ਇਸ ਤੋਂ ਬਾਅਦ ਉਮੀਦਵਾਰਾਂ ਵਲੋਂ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਯੂਨੀਅਨ ਦੇ ਸੂਬਾ ਪ੍ਰਧਾਨ ਪ੍ਰਦੀਪ ਗੁਰੂ, ਸੂਬਾ ਸਕੱਤਰ ਰਾਹੁਲ ਕੰਬੋਜ ਅਤੇ ਸੂਬਾ ਖਜ਼ਾਨਚੀ ਲਵਿਸ਼ ਕੁਮਾਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਹਰ ਵਾਰ ਈਟੀਟੀ ਅਤੇ ਬੀਐੱਡ ਪਾਸ ਉਮੀਦਵਾਰਾਂ ਦੀ ਜ਼ਿੰਦਗੀ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਕਿਉਂਕਿ ਸਰਕਾਰ ਵੱਲੋਂ ਕੋਈ ਸਮਾਂ ਤੈਅ ਨਹੀਂ ਕੀਤਾ ਜਾ ਰਿਹਾ ਕਿ ਈਟੀਟੀ ਅਤੇ ਬੀ ਐੱਡ ਪਾਸ ਕਰ ਚੁੱਕੇ ਉਮੀਦਵਾਰਾਂ ਦਾ ਅਧਿਆਪਕ ਯੋਗਤਾ ਟੈਸਟ ਕਦੋਂ ਕਰਵਾਇਆ ਜਾਵੇਗਾ ਜਦਕਿ ਗੁਆਂਢੀ ਸੂਬੇ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਵੱਲੋਂ ਹਰ ਸਾਲ ਨਿਸਚਤਿ ਸਮੇਂ ’ਤੇ ਅਧਿਆਪਕ ਯੋਗਤਾ ਟੈਸਟ ਲਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ 27 ਸਤੰਬਰ ਨੂੰ ਯੂਨੀਅਨ ਆਗੂਆਂ ਨੇ ਸਿੱਖਿਆ ਮੰਤਰੀ ਨਾਲ ਮੀਟਿੰਗ ਕੀਤੀ ਸੀ ਪਰ ਇਹ ਮੀਟਿੰਗ ਬੇਸਿੱਟਾ ਰਹੀ। ਇਸ ਮੌਕੇ ਯੂਨੀਅਨ ਆਗੂ ਗੁਰਵਿੰਦਰ ਨੰਦਗੜ੍ਹ, ਰੋਹਤਿ ਝੁਨੀਰ, ਗੁਰਪ੍ਰੀਤ ਫਾਜ਼ਿਲਕਾ, ਅਭਿਨਵ ਅਬੋਹਰ, ਕਮਲਜੀਤ ਤਲਵੰਡੀ ਸਾਬੋ, ਸਿਮਰਨਜੀਤ ਕੌਰ ਚਕੇਰੀਆਂ, ਸਰੂਪ ਉੱਭਾ, ਮਨਪ੍ਰੀਤ ਉੱਭਾ, ਹਰਜੀਤ ਜਲਾਲਾਬਾਦ ਸ਼ਾਮਲ ਸਨ।