AN INSTITUTE FOR RESEARCH ON LITERATURE,CULTURE,HISTORY & HERITAGE OF PUNJAB”

ਮੁੱਖ ਮੰਤਰੀ ਦੀ ਬਹਿਸ ਦਾ ਨਤੀਜਾ ‘ਜ਼ੀਰੋ’ ਨਿਕਲੇਗਾ: ਸਿੱਧੂ

ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਦਿਵਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਹਿਲੀ ਨਵੰਬਰ ਨੂੰ ਕੀਤੀ ਜਾਣ ਵਾਲੀ ਬਹਿਸ ਦਾ ਨਤੀਜਾ ‘ਜ਼ੀਰੋ’ ਨਿਕਲੇਗਾ। ਕਾਂਗਰਸੀ ਆਗੂ ਜਲੰਧਰ ਵਿੱਚ ਹੋਣ ਵਾਲੇ ਦਸਹਿਰੇ ਦੇ ਸਮਾਗਮਾਂ ’ਚ ਹਿੱਸਾ ਲੈਣ ਲਈ ਆਏ ਹੋਏ ਸਨ। ਇਸ ਦੌਰਾਨ ਉਨ੍ਹਾਂ ਪੰਜਾਬ ਪ੍ਰੈੱਸ ਕਲੱਬ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਲੋਕਾਂ ਦਾ ਧਿਆਨ ਅਹਿਮ ਮੁੱਦਿਆਂ ਤੋਂ ਭਟਕਾਉਣ ਦਾ ਇਹ ਵਧੀਆ ਤਰੀਕਾ ਹੈ, ਜਿਸ ਦੇ ਨਤੀਜੇ ਬਾਰੇ ਪਹਿਲਾਂ ਹੀ ਪਤਾ ਹੈ ਕਿਉਂਕਿ ਸਿਫ਼ਰ ਨਾਲ ਸਿਫ਼ਰ ਨੂੰ ਗੁਣਾ ਦਾ ਜਵਾਬ ‘ਜ਼ੀਰੋ’ ਹੀ ਨਿਕਲੇਗਾ। ਇਸ ਦੌਰਾਨ ਬਹਿਸ ਵਿੱਚ ਸ਼ਾਮਲ ਹੋਣ ਬਾਰੇ ਨਵਜੋਤ ਸਿੱਧੂ ਨੇ ਕਿਹਾ ਕਿ ਉਹ ਬਿਨਾ ਸੱਦੇ ਸਿਰਫ਼ ਦਰਬਾਰ ਸਾਹਿਬ ਜਾਂਦੇ ਹਨ। ਇਸ ਤੋਂ ਇਲਾਵਾ ਬਗੈਰ ਸੱਦੇ ਕਿਧਰੇ ਨਹੀਂ ਜਾਂਦੇ। ਉਨ੍ਹਾਂ ਕਿਹਾ ਕਿ ਉਹ ਕਾਫ਼ੀ ਸਮੇਂ ਤੋਂ ਲਗਾਤਾਰ ਮੁੱਖ ਮੰਤਰੀ ਨੂੰ ਕਈ ਸਵਾਲ ਪੁੱਛਦੇ ਆ ਰਹੇ ਹਨ। ਹੁਣ ਤੱਕ ਉਨ੍ਹਾਂ ਨੂੰ 250 ਤੋਂ ਵੱਧ ਸਵਾਲ ਕੀਤੇ ਜਾ ਚੁੱਕੇ ਹਨ। ਕਾਂਗਰਸੀ ਆਗੂ ਨੇ ਕਿਹਾ ਕਿ ਉਹ ਪੰਜਾਬ ਦੇ ਮੁੱਦਿਆਂ ਬਾਰੇ ਉਨ੍ਹਾਂ ਨੂੰ ਨਿੱਜੀ ਤੌਰ ’ਤੇ ਵੀ ਮਿਲੇ ਸਨ ਅਤੇ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਸੀ ਕਿ ਉਹ ਇਨ੍ਹਾਂ ਨੂੰ ਪੂਰੀ ਗੰਭੀਰਤਾ ਨਾਲ ਹੱਲ ਕਰਨਗੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਮਾਫੀਆ ਰਾਜ, ਬਿਜਲੀ ਦੀ ਖਰੀਦ ਦੇ ਸਮਝੌਤਿਆਂ ਆਦਿ ਸਣੇ ਹੋਰ ਬਹੁਤ ਸਾਰੇ ਮੁੱਦਿਆ ਤੋਂ ਅਣਜਾਣੇ ਹੀ ਹਨ। ਸ੍ਰੀ ਸਿੱਧੂ ਨੇ ਕਿਹਾ ਕਿ ਐੱਸਵਾਈਐੱਲ ਨਹਿਰ ਦਾ ਮੁੱਦਾ ਇੱਕ ਅਜਿਹਾ ਵਿਸ਼ਾ ਹੈ ਜਿਸ ਤੋਂ ਸਰਕਾਰਾਂ ਧਿਆਨ ਹਟਾਉਣ ਲਈ ਜਾਣਬੁੱਝ ਕੇ ਬਹਿਸ ਵਰਗੇ ਨਾਟਕ ਕਰਦੀਆਂ ਹਨ। ਜੇ ਸੂਬਾ ਸਰਕਾਰ ਪਾਣੀਆਂ ਲਈ ਐਨੀ ਗੰਭੀਰ ਹੈ ਤਾਂ ਉਹ ਦੱਸੇ ਕਿ ਬਰਸਾਤੀ ਪਾਣੀ ਦੀ ਸੰਭਾਲ ਜਾਂ ਪਾਣੀ ਨੂੰ ਰੀਚਾਰਜ ਕਰਨ ਲਈ ਕੀ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੀਣ ਵਾਲਾ ਪਾਣੀ ਵੀ ਦੂਸ਼ਿਤ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਫਸਲੀ ਵਿਭਿੰਨਤਾ ਦੀ ਗੱਲ ਕਰ ਰਹੀ ਹੈ ਜਦਕਿ ਦਾਲਾਂ ਸਣੇ ਹੋਰ ਫਸਲਾਂ ਲਈ ਘੱਟੋ ਘੱਟ ਸਮਰਥਨ ਮੁੱਲ ਯਕੀਨੀ ਬਣਾਉਣ ਲਈ ਕੁਝ ਨਹੀਂ ਕੀਤਾ ਜਾ ਰਿਹਾ ਹੈ।

Scroll to Top