
ਸਰਕਾਰ ਵੱਲੋਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਪੰਜਾਬ ਦੇ ਮੁੱਦਿਆਂ ‘ਤੇ ਬਹਿਸ ਲਈ ਦਿੱਤੇ ਸੱਦੇ ਤੋਂ ਬਾਅਦ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (PAU) ਪੁਲਿਸ ਛਾਉਣੀ ‘ਚ ਤਬਦੀਲ ਹੋ ਗਈ ਹੈ। ਖਾਸ ਕਰਕੇ ਡਾ. ਮਨਮੋਹਨ ਸਿੰਘ ਆਡੀਟੋਰੀਅਮ ਦੇ ਅੰਦਰ ਤੇ ਬਾਹਰ ਸਖ਼ਤ ਸੁਰੱਖਿਆ ਪ੍ਰਬੰਧ ਹਨ। ਕਿਸੇ ਨੂੰ ਵੀ ਇਸ ਪਾਸੇ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ। ਆਡੀਟੋਰੀਅਮ ਦੇ ਆਲੇ-ਦੁਆਲੇ ਬੈਰੀਕੇਡ ਲਗਾਉਣ ਤੋਂ ਇਲਾਵਾ ਕਈ ਥਾਵਾਂ ਨੂੰ ਤਾਰਾਂ ਨਾਲ ਬੰਦ ਕਰ ਦਿੱਤਾ ਗਿਆ ਹੈ ਤਾਂ ਜੋ ਕੋਈ ਵਿਅਕਤੀ ਇਸ ਘੇਰੇ ਨੂੰ ਤੋੜ ਨਾ ਸਕੇ। ਦੋ ਸਪੈਸ਼ਲ ਡੀਜੀਪੀ, ਚਾਰ ਆਈਜੀ ਰੇਂਜ, ਅੱਠ ਐਸਐਸਪੀ, ਇੰਟੈਲੀਜੈਂਸ ਤੇ ਸੁਰੱਖਿਆ ਕਮਾਂਡੋ ਡਿਬੇਟ ਵਾਲੀ ਥਾਂ ‘ਤੇ ਤਾਇਨਾਤ ਹਨ। ਅਧਿਕਾਰੀ ਮੰਗਲਵਾਰ ਸਵੇਰ ਤੋਂ ਲਗਾਤਾਰ ਸੁਰੱਖਿਆ ਸਮੀਖਿਆ ਕਰ ਰਹੇ ਹਨ। ਸਿਵਲ ਲਾਈਨਜ਼ ਸਥਿਤ ਪੁਲਿਸ ਲਾਈਨਸ ‘ਚ ਪੀਏਯੂ ‘ਚ ਤਾਇਨਾਤ ਪੁਲਿਸ ਮੁਲਾਜ਼ਮਾਂ ਨਾਲੋਂ ਵੱਧ ਪੁਲਿਸ ਮੁਲਾਜ਼ਮ ਤਾਇਨਾਤ ਹਨ। ਸ਼ਾਮ ਤੋਂ ਬਾਅਦ ਸਮਾਗਮ ਵਾਲੀ ਥਾਂ ’ਤੇ ਉਨ੍ਹਾਂ ਦੀ ਡਿਊਟੀ ਲਗਾਈ ਜਾਵੇਗੀ।