
ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਨੂੰ ਦੇਸ਼ ਦੀਆਂ ਖੁਫ਼ੀਆ ਏਜੰਸੀਆਂ ਤੋਂ ਖਤਰਾ ਹੈ ਪਰ ਨਾਲ ਹੀ ਉਨ੍ਹਾਂ ਕਿਹਾ ਕਿ ਉਹ ਨਾ ਕਿਸੇ ਤੋਂ ਡਰਦੇ ਹਨ ਅਤੇ ਨਾ ਹੀ ਆਪਣੇ ਸਿਧਾਤਾਂ ਨੂੰ ਲੈ ਕੇ ਕਿਸੇ ਕਿਸਮ ਦਾ ਸਮਝੌਤਾ ਕਰਨਗੇ। ਆਗਾਮੀ ਲੋਕ ਸਭਾ ਚੋਣਾਂ ਸਬੰਧੀ ਪਾਰਟੀ ਵਰਕਰਾਂ ਨਾਲ ਇੱਥੇ ਮੀਟਿੰਗ ਕਰਨ ਆਏ ਸ੍ਰੀ ਮਾਨ ਨੇ ਕਿਹਾ ਕਿ ਖੁਫ਼ੀਆ ਏਜੰਸੀਆਂ ਵਿਦੇਸ਼ਾਂ ’ਚ ਬੈਠੇ ਸਿੱਖਾਂ ਨੂੰ ਜਿਸ ਤਰ੍ਹਾਂ ਵਾਰੋ-ਵਾਰੀ ਕਤਲ ਕਰਵਾ ਰਹੀਆਂ ਹਨ ਹੋ ਸਕਦਾ ਹੈ ਕਿ ਉਨ੍ਹਾਂ ਨੂੰ ਵੀ ਖ਼ਤਮ ਕਰਵਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਭਾਜਪਾ ਨਿਰੰਤਰ ਦੇਸ਼ ਨੂੰ ਤਬਾਹੀ ਵੱਲ ਲਿਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਦਰਿਆਵਾਂ ਦੇ ਪਾਣੀ ’ਤੇ ਰਾਜਸਥਾਨ ਤੇ ਹਰਿਆਣਾ ਨਾਲੋਂ ਜ਼ਿਆਦਾ ਹੱਕ ਪਾਕਿਸਤਾਨ ਵਿਚਲੇ ਪੰਜਾਬ ਦਾ ਹੈ ਕਿਉਂਕਿ ਉਹ ਹੀ ਸੂਬੇ ਰਿਪੇਰੀਅਨ ਅਖਵਾਉਂਦੇ ਹਨ ਜਿੱਥੋਂ ਦਰਿਆ ਨਿਕਲਦੇ ਹਨ।