
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਇਥੇ ਕਿਹਾ ਕਿ ਹੜ੍ਹਾਂ ਨਾਲ ਝੋਨਾ ਤਬਾਹ ਹੋਣ ਮਗਰੋਂ ਕਿਸਾਨਾਂ ਦੀ ਸਹਾਇਤਾ ਕਰਨ ਤੇ ਮੁਆਵਜ਼ਾ ਦੇਣ ਤੋਂ ਨਾਹ ਕਰਨ ਮਗਰੋਂ ‘ਆਪ’ ਸਰਕਾਰ ਹੁਣ ਵੱਡੇ-ਵੱਡੇ ਬਿਜਲੀ ਕੱਟ ਲਗਾ ਕੇ ਝੋਨੇ ਤੇ ਸਬਜ਼ੀਆਂ ਦੀ ਫ਼ਸਲ ਤਬਾਹ ਕਰਨ ’ਤੇ ਉਤਰੀ ਹੋਈ ਹੈ। ਇਕ ਬਿਆਨ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕਿਸਾਨਾਂ ਦੇ ਹਾਲਾਤ ਪ੍ਰਤੀ ਮੁੱਖ ਮੰਤਰੀ ਭਗਵੰਤ ਮਾਨ ਦੀ ਬੇਰੁਖੀ ਸਾਰੇ ਹੱਦ ਬੰਨੇ ਟੱਪ ਗਈ ਹੈ। ਉਨ੍ਹਾਂ ਕਿਹਾ ਕਿ ਕਿਸਾਨ ਪਿਛਲੇ ਡੇਢ ਮਹੀਨੇ ਤੋਂ ਹੜ੍ਹਾਂ ਨਾਲ ਜੂਝ ਰਹ ਹਨ ਤੇ ਸਰਕਾਰ ਨੇ ਹਜ਼ਾਰਾਂ ਏਕੜ ਬਰਬਾਦ ਹੋਈ ਫ਼ਸਲ ਦਾ ਮੁਆਵਜ਼ਾ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹੁਣ ਸਰਕਾਰ ਵੱਡੇ-ਵੱਡੇ ਬਿਜਲੀ ਕੱਟ ਲਗਾ ਕੇ ਸੂਬੇ ਵਿੱਚ ਸੋਕੇ ਦੇ ਹਾਲਾਤ ਪੈਦਾ ਕਰ ਰਹੀ ਹੈ। ਸੁਖਬੀਰ ਨੇ ਕਿਹਾ ਕਿ ਇਹ ਉਹੀ ਮੁੱਖ ਮੰਤਰੀ ਹੈ, ਜੋ ਕਿਸਾਨਾਂ ਨੂੰ ਬਿਨਾਂ ਕਟੌਤੀ ਤੋਂ ਬਿਜਲੀ ਸਪਲਾਈ ਦੇਣ ਦੇ ਵਾਅਦੇ ਕਰ ਰਿਹਾ ਸੀ। ਉਨ੍ਹਾਂ ਕਿਹਾ ਕਿ ਮੁਕਤਸਰ ਸਾਹਿਬ, ਫਾਜ਼ਿਲਕਾ ਤੇ ਫਿਰੋਜ਼ਪੁਰ ਜ਼ਿਲ੍ਹਿਆਂ ਵਿੱਚ ਕਿਸਾਨਾਂ ਨੇ 18 ਤੋਂ 20 ਘੰਟੇ ਦੇ ਬਿਜਲੀ ਕੱਟ ਲੱਗਣ ਦੀਆਂ ਸ਼ਿਕਾਇਤਾਂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਜ਼ਿਲ੍ਹਿਆਂ ਵਿੱਚ 700 ਲਿਫਟ ਸਿੰਜਾਈ ਪੰਪ ਸਰਕਾਰ ਨੇ ਧੱਕੇ ਨਾਲ ਬੰਦ ਕਰਵਾ ਦਿੱਤੇ ਹਨ ਤੇ ਕਿਸਾਨਾਂ ਨੂੰ ਹਫ਼ਤੇ ਦੇ ਵਕਫ਼ੇ ਮਗਰੋਂ ਲਿਫਟ ਪੰਪ ਚਲਾਉਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਨਹਿਰੀ ਪਾਣੀ ਦੀ ਵਾਰੀ ਮਿਲਣ ਵਾਲੇ ਕਿਸਾਨਾਂ ਨੂੰ ਪੁਲੀਸ ਦੇ ਜ਼ੋਰ ਨਾਲ ਲਿਫਟ ਪੰਪ ਵਰਤਣ ਤੋਂ ਰੋਕਿਆ ਜਾ ਰਿਹਾ ਹੈ। ਸ੍ਰੀ ਬਾਦਲ ਨੇ ਕਿਹਾ ਕਿ ਪੰਜਾਬ ਵਿੱਚ ਲਿਫਟ ਸਿੰਜਾਈ ਪੰਪ ਬੰਦ ਕਰਵਾਉਣ ਦਾ ਮਕਸਦ ਸਿਰਫ਼ ਰਾਜਸਥਾਨ ਨੂੰ ਵੱਧ ਨਹਿਰੀ ਪਾਣੀ ਦੇਣਾ ਹੈ, ਜਿਸ ਰਾਹੀਂ ‘ਆਪ’ ਉਥੇ ਸਿਆਸੀ ਲਾਹਾ ਲੈਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਸੂਇਆਂ ਵਿੱਚ ਟੇਲਾਂ ਤੱਕ ਪਾਣੀ ਨਹੀਂ ਪਹੁੰਚ ਰਿਹਾ, ਜਿਸ ਕਾਰਨ ਕਿਸਾਨਾਂ ਦੀਆਂ ਮੁਸ਼ਕਲਾਂ ਹੋਰ ਵੱਧ ਗਈਆਂ ਹਨ। ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਸ਼ਹਿਰੀ ਇਲਾਕਿਆਂ ਦੇ ਨਾਲ-ਨਾਲ ਉਦਯੋਗਿਕ ਖੇਤਰ ਵਿੱਚ ਵੀ ਵੱਡੇ-ਵੱਡੇ ਬਿਜਲੀ ਕੱਟ ਲਗਾਏ ਜਾ ਰਹੇ ਹਨ, ਜਿਸ ਕਾਰਨ ਵਪਾਰੀ ਤੇ ਉਦਯੋਗਪਤੀ ਵੀ ਪ੍ਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਇਸ ਸਭ ਦਾ ਸੂਬੇ ਦੇ ਅਰਥਚਾਰੇ ’ਤੇ ਮਾੜਾ ਅਸਰ ਪਵੇਗਾ।