AN INSTITUTE FOR RESEARCH ON LITERATURE,CULTURE,HISTORY & HERITAGE OF PUNJAB”
website header

ਰਾਜੋਆਣਾ ਮਾਮਲਾ: ਸ਼੍ਰੋਮਣੀ ਕਮੇਟੀ ਵੱਲੋਂ ਪਟੀਸ਼ਨ ਵਾਪਸ ਨਾ ਲੈਣ ਦਾ ਫ਼ੈਸਲਾ

ਸ਼੍ਰੋਮਣੀ ਕਮੇਟੀ ਦੀ ਅੱਜ ਹੋਈ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਵਿੱਚ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਮੁਆਫੀ ਸਬੰਧੀ ਰਾਸ਼ਟਰਪਤੀ ਕੋਲ ਦਾਇਰ ਕੀਤੀ ਗਈ ਰਹਿਮ ਦੀ ਅਪੀਲ ਸਬੰਧੀ ਪਟੀਸ਼ਨ ਨੂੰ ਵਾਪਸ ਨਾ ਲੈਣ ਦਾ ਫ਼ੈਸਲਾ ਲਿਆ ਗਿਆ ਹੈ। ਇਸ ਮੀਟਿੰਗ ਵਿੱਚ ਰਾਜੋਆਣਾ ਨੂੰ 5 ਦਸੰਬਰ ਤੋਂ ਭੁੱਖ ਹੜਤਾਲ ਨਾ ਕਰਨ ਦੀ ਅਪੀਲ ਸਣੇ ਉਸ ਦੀ ਰਿਹਾਈ ਲਈ ਸੰਘਰਸ਼ ਤੇਜ਼ ਕਰਨ ਦਾ ਫ਼ੈਸਲਾ ਵੀ ਲਿਆ ਗਿਆ ਹੈ ਜਿਸ ਤਹਿਤ 20 ਦਸੰਬਰ ਨੂੰ ਸਿੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਦਿੱਲੀ ਵਿੱਚ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਦਸਣਯੋਗ ਹੈ ਕਿ ਰਾਜੋਆਣਾ ਵੱਲੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਇੱਕ ਪੱਤਰ ਭੇਜ ਕੇ ਆਖਿਆ ਗਿਆ ਸੀ ਕਿ ਉਹ 5 ਦਸੰਬਰ ਤੋਂ ਪਹਿਲਾਂ ਉਸ ਦੀ ਫਾਂਸੀ ਦੀ ਮੁਆਫੀ ਸਬੰਧੀ ਰਾਸ਼ਟਰਪਤੀ ਕੋਲ ਦਾਇਰ ਕੀਤੀ ਗਈ ਰਹਿਮ ਦੀ ਅਪੀਲ ਵਾਪਸ ਲੈ ਲੈਣ ਨਹੀਂ ਤਾਂ ਉਹ ਭੁੱਖ ਹੜਤਾਲ ਸ਼ੁਰੂ ਕਰੇਗਾ। ਇਸ ਸਬੰਧੀ ਅੱਜ ਸ਼੍ਰੋਮਣੀ ਕਮੇਟੀ ਵੱਲੋਂ ਅੰਤ੍ਰਿੰਗ ਕਮੇਟੀ ਦੀ ਹੰਗਾਮੀ ਮੀਟਿੰਗ ਸੱਦੀ ਗਈ ਸੀ। ਇਸ ਤੋਂ ਪਹਿਲਾਂ ਬੀਤੀ ਸ਼ਾਮ ਸ਼੍ਰੋਮਣੀ ਕਮੇਟੀ ਵੱਲੋਂ ਇਸੇ ਮੁੱਦੇ ’ਤੇ ਪੰਥਕ ਨੁਮਾਇੰਦਿਆਂ ਦੀ ਇੱਕ ਮੀਟਿੰਗ ਵੀ ਸੱਦੀ ਗਈ ਸੀ, ਜਿਸ ਵਿੱਚ ਕੀਤੀ ਗਈ ਵਿਚਾਰ-ਚਰਚਾ ਅੱਜ ਮੁੜ ਵਿਚਾਰੀ ਗਈ ਤੇ ਉਕਤ ਫ਼ੈਸਲਾ ਲਿਆ ਗਿਆ। ਮੀਟਿੰਗ ਮਗਰੋਂ ਮੀਡੀਆ ਨਾਲ ਗੱਲਬਾਤ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਪੰਥਕ ਨੁਮਾਇੰਦਿਆਂ ਦੇ ਵਿਚਾਰਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਅੰਤ੍ਰਿੰਗ ਕਮੇਟੀ ਨੇ ਪਟੀਸ਼ਨ ਵਾਪਸ ਨਾ ਲੈਣ ਦਾ ਫ਼ੈਸਲਾ ਲਿਆ ਹੈ। ਇਸ ਦੇ ਨਾਲ ਹੀ ਅੰਤ੍ਰਿੰਗ ਕਮੇਟੀ ਵੱਲੋਂ ਰਾਜੋਆਣਾ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਭੁੱਖ ਹੜਤਾਲ ’ਤੇ ਜਾਣ ਦਾ ਫ਼ੈਸਲਾ ਵਾਪਸ ਲਵੇ ਕਿਉਂਕਿ ਇਹ ਗੁਰਮਤਿ ਅਨੁਸਾਰ ਨਹੀਂ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਰਾਜੋਆਣਾ ਦੇ ਮਾਮਲੇ ’ਚ ਸੰਘਰਸ਼ ਤੇਜ਼ ਕਰਨ ਦਾ ਵੀ ਫ਼ੈਸਲਾ ਲਿਆ ਗਿਆ ਹੈ, ਜਿਸ ਤਹਿਤ 20 ਦਸੰਬਰ ਨੂੰ ਸਿੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਦਿੱਲੀ ਵਿੱਚ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। 20 ਦਸੰਬਰ ਨੂੰ ਸਮੂਹ ਪੰਥਕ ਜਥੇਬੰਦੀਆਂ ਤੇ ਉਨ੍ਹਾਂ ਦੇ ਨੁਮਾਇੰਦੇ ਗੁਰਦੁਆਰਾ ਬੰਗਲਾ ਸਾਹਿਬ ਦਿੱਲੀ ਵਿੱਚ ਇਕੱਠੇ ਹੋਣਗੇ, ਜਿੱਥੋਂ ਰਾਸ਼ਟਰਪਤੀ ਭਵਨ ਤੱਕ ਰੋਸ ਮਾਰਚ ਤੇ ਪ੍ਰਦਰਸ਼ਨ ਕੀਤਾ ਜਾਵੇਗਾ। ਸ਼੍ਰੋਮਣੀ ਕਮੇਟੀ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਸਬੰਧੀ ਲੋਕਾਂ ਕੋਲੋਂ ਭਰਵਾਏ 26 ਲੱਖ ਪ੍ਰੋਫਾਰਮੇ ਵੀ ਰਾਸ਼ਟਰਪਤੀ ਨੂੰ ਸੌਂਪੇਗੀ।

Scroll to Top