
ਇੱਥੇ ਮਾਡਲ ਟਾਊਨ ਇਲਾਕੇ ਵਿੱਚ ਇੱਕ ਪਲਾਟ ਖ਼ਰੀਦ ਮਾਮਲੇ ’ਚ ਵਜਿੀਲੈਂਸ ਕੇਸ ਦਾ ਸਾਹਮਣਾ ਕਰ ਰਹੇ ਭਾਜਪਾ ਕੋਰ ਕਮੇਟੀ ਦੇ ਮੈਂਬਰ ਅਤੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅੱਜ ਵਜਿੀਲੈਂਸ ਦਫ਼ਤਰ ਬਠਿੰਡਾ ਵਿੱਚ ਪੇਸ਼ ਹੋਏ। ਇਸ ਦੌਰਾਨ ਉਨ੍ਹਾਂ ਕੋਲੋਂ ਲਗਪਗ ਚਾਰ ਘੰਟੇ ਪੁੱਛ-ਪੜਤਾਲ ਕੀਤੀ ਗਈ। ਪੇਸ਼ੀ ਸਮੇਂ ਰੀੜ੍ਹ ਦੀ ਹੱਡੀ ’ਚ ਦਰਦ ਹੋਣ ਕਾਰਨ ਸਾਬਕਾ ਮੰਤਰੀ ਨੇ ਲੱਕ ਦੁਆਲੇ ਬੈਲਟ ਬੰਨ੍ਹੀ ਹੋਈ ਸੀ। ਸੂਤਰਾਂ ਅਨੁਸਾਰ ਪੁੱਛ-ਪੜਤਾਲ ਦੌਰਾਨ ਵਜਿੀਲੈਂਸ ਅਧਿਕਾਰੀਆਂ ਨੇ ਉਨ੍ਹਾਂ ਕੋਲੋਂ ਪਲਾਟ ਨਾਲ ਸਬੰਧਤ ਸਮਝੌਤੇ ਦੇ ਅਸਲੀ ਦਸਤਾਵੇਜ਼ਾਂ ਤੋਂ ਇਲਾਵਾ ਉਨ੍ਹਾਂ ਵੱਲੋਂ ਗੁਰੂਗ੍ਰਾਮ ਸਥਤਿ ਵੇਚੇ ਗਏ ਪਲਾਟ ਬਾਰੇ ਵੀ ਜਾਣਕਾਰੀ ਮੰਗੀ। ਪੇਸ਼ੀ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਨਪ੍ਰੀਤ ਨੇ ਆਪਣਾ ਕੇਸ ਸੀਬੀਆਈ ਨੂੰ ਸੌਂਪੇ ਜਾਣ ਦੀ ਮੰਗ ਕੀਤੀ। ਪੁੱਛ-ਪੜਤਾਲ ਤੋਂ ਬਾਅਦ ਵਜਿੀਲੈਂਸ ਅਧਿਕਾਰੀਆਂ ਨੇ ਮੀਡੀਆ ਨੂੰ ਦੱਸਿਆ ਕਿ ਮਨਪ੍ਰੀਤ ਬਾਦਲ ਦੀ ਅੱਜ ਵੀ ਸਿਹਤ ਠੀਕ ਨਾ ਹੋਣ ਬਾਰੇ ਉਨ੍ਹਾਂ ਪੀਜੀਆਈ ਦੇ ਡਾਕਟਰਾਂ ਦਾ ਮੈਡੀਕਲ ਰਿਕਾਰਡ ਸੌਂਪਿਆ, ਜਿਸ ਕਾਰਨ ਬਹੁਤੀ ਪੁੁੱਛ-ਪੜਤਾਲ ਨਹੀਂ ਹੋ ਸਕੀ। ਉਨ੍ਹਾਂ ਨੂੰ ਜਾਂਚ ਲਈ ਮੁੜ ਬੁਲਾਇਆ ਜਾਵੇਗਾ।