
ਪਿਛਲੇ 24 ਦਿਨਾਂ ਤੋਂ ਨੌਕਰੀ ’ਤੇ ਜੁਆਇਨ ਕਰਵਾਉਣ ਦੀ ਮੰਗ ਨੂੰ ਲੈ ਕੇ ਸ਼ਾਂਤਮਈ ਧਰਨਾ ਦੇ ਰਹੇ 1158 ਸਹਾਇਕ ਪ੍ਰੋਫੈਸਰ ਤੇ ਲਾਇਬ੍ਰੇਰੀਅਨ ਫਰੰਟ ਦੀਆਂ ਮਹਿਲਾ ਮੈਬਰਾਂ ਨੇ ਅੱਜ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਪਿੰਡ ਨੇੜੇ ਆਪਣੀਆਂ ਚੁੰਨੀਆਂ ਸਾੜ ਕੇ ਸਰਕਾਰ ਖ਼ਿਲਾਫ਼ ਮੁਜ਼ਾਹਰਾ ਕੀਤਾ। ਫਰੰਟ ਦੇ ਮੈਬਰਾਂ ਨੇ ਆਪਣੇ ਤੈਅ ਪ੍ਰੋਗਰਾਮ ਮੁਤਾਬਕ ਅੱਜ ਭੀਖ ਮੰਗਣ ਲਈ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਪਿੰਡ ਗੰਭੀਰਪੁਰ ਜਾਣਾ ਸੀ ਪਰ ਜਿਵੇਂ ਹੀ ਫਰੰਟ ਮੈਬਰ ਪਿੰਡ ਵੱਲ ਕੂਚ ਕਰਨ ਲੱਗੇ ਤਾਂ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਬੈਰੀਗੇਡ ਲਗਾ ਕੇ ਰੋਕ ਦਿੱਤਾ। ਜਿਸ ਨਾਲ ਉਨ੍ਹਾਂ ’ਚ ਰੋਸ ਫੈਲ ਗਿਆ ਅਤੇ ਇਨ੍ਹਾਂ ਵਿਚੋਂ ਮਹਿਲਾ ਧਰਨਾਕਾਰੀਆਂ ਨੇ ਆਪਣੀਆਂ ਚੁੰਨੀਆਂ ਸਾੜ ਕੇ ਸਰਕਾਰ ਖ਼ਿਲਾਫ਼ ਰੋਸ ਦਾ ਪ੍ਰਗਟਾਵਾ ਕੀਤਾ। ਫਰੰਟ ਕਨਵੀਨਰ ਮੈਡਮ ਜਸਵਿੰਦਰ ਕੌਰ ਅਤੇ ਸਾਥੀਆਂ ਨੇ ਕਿਹਾ ਕਿ ਪੰਜਾਬ ’ਚ ਨਵਾ ਇਨਕਲਾਬ ਲੈ ਕੇ ਆਉਣ ਦਾ ਦਾਅਵਾ ਕਰਨ ਵਾਲੀ ਸਰਕਾਰ ਉਨ੍ਹਾਂ ਮੰਗਾਂ ਸੁਣਨ ਲਈ ਵੀ ਤਿਆਰ ਨਹੀਂ ਹੈ, ਜਿਸ ਕਰਕੇ ਔਰਤਾਂ ਨੇ ਇੱਜ਼ਤ ਦੀ ਰਾਖੀ ਆਪਣੀਆਂ ਚੁੰਨੀਆਂ ਸਾੜ ਕੇ ਸਰਕਾਰ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਹੈ। ਗੌਰਤਲਬ ਹੈ ਕਿ ਪੰਜਾਬ ਦੇ ਸਰਕਾਰੀ ਕਾਲਜਾਂ ’ਚ ਨੌਕਰੀ ਲਈ ਪਿਛਲੀ ਸਰਕਾਰ ਵੱਲੋਂ 1158 ਸਹਾਇਕ ਪ੍ਰੋਫੈਸਰ ਤੇ ਲਾਇਬ੍ਰੇਰੀਅਨ ਚੁਣੇ ਗਏ ਸਨ ਪਰ ਅਦਾਲਤ ਵੱਲੋਂ ਭਰਤੀ ਰੱਦ ਕੀਤੇ ਜਾਣ ਦੇ ਚਲਦਿਆਂ ਕੁਝ ਉਮੀਦਵਾਰ ਨੌਕਰੀ ’ਤੇ ਪਹਿਲਾ ਜੁਆਇੰਨ ਕਰ ਗਏ ਸਨ ਤੇ ਵੱਡੀ ਗਿਣਤੀ ’ਚ ਉਮੀਦਵਾਰ ਮੈਰਿਟ ਵਿਚ ਨਾਂ ਆਉਣ ਦੇ ਬਾਵਜੂਦ ਵੀ ਨੋਕਰੀ ਤੇ ਜੁਆਇਨ ਕਰਨ ਤੋਂ ਵਾਂਝੇ ਰਹਿ ਗਏ, ਜਿਨ੍ਹਾਂ ਵੱਲੋਂ ਸਰਕਾਰ ਖ਼ਿਲਾਫ਼ ਧਰਨਾ ਦਿੱਤਾ ਜਾ ਰਿਹਾ ਹੈ। ਫਰੰਟ ਕਨਵੀਨਰ ਅਤੇ ਬਾਕੀ ਮੈਬਰਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਮਜਬੂਰਨ ਉਨ੍ਹਾਂ ਨੂੰ ਗੰਭੀਰ ਕਦਮ ਚੁੱਕਣੇ ਪੈਣਗੇ।