AN INSTITUTE FOR RESEARCH ON LITERATURE,CULTURE,HISTORY & HERITAGE OF PUNJAB”

ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਚੋਣ ਲਈ ਸਰਗਰਮੀਆਂ ਤੇਜ਼

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣ ਲਈ ਅੱਜ ਇੱਥੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਵੱਖ-ਵੱਖ ਥਾਈਂ ਆਪੋ-ਆਪਣੀ ਪਾਰਟੀ ਦੇ ਆਗੂਆਂ ਨਾਲ ਵਿਚਾਰ ਕੀਤੀ। ਸ੍ਰੀ ਬਾਦਲ ਨੇ ਅੱਜ ਇੱਥੇ ਕੁਝ ਜ਼ਿਲ੍ਹਿਆਂ ਦੇ ਸ਼੍ਰੋਮਣੀ ਕਮੇਟੀ ਮੈਂਬਰਾਂ ਨਾਲ ਮੀਟਿੰਗ ਕੀਤੀ। ਸੂਤਰਾਂ ਦਾ ਦੱਸਣਾ ਹੈ ਕਿ ਪਾਰਟੀ ਪ੍ਰਧਾਨ ਨੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਤੋਂ ਪ੍ਰਧਾਨਗੀ ਦੇ ਅਹੁਦੇ ਲਈ ਉਮੀਦਵਾਰਾਂ ਦੇ ਨਾਵਾਂ ’ਤੇ ਚਰਚਾ ਕੀਤੀ। ਸ੍ਰੀ ਬਾਦਲ ਵੱਲੋਂ ਇਹ ਮੀਟਿੰਗਾਂ ਲਗਾਤਾਰ ਦੋ ਤੋਂ ਤਿੰਨ ਦਿਨ ਕੀਤੀਆਂ ਜਾਣੀਆਂ ਹਨ। ਉਨ੍ਹਾਂ ਵੱਲੋਂ ਧਾਰਮਿਕ ਸੰਸਥਾ ਦੇ ਮੁਖੀ ਦੀ ਚੋਣ ’ਚ ਆਮ ਸਹਿਮਤੀ ਬਣਾਉਣ ਅਤੇ ਖੁਦਮੁਖਤਿਆਰੀ ਨਾਲ ਚੋਣ ਕਰਨ ਦਾ ਪ੍ਰਭਾਵ ਦਿੱਤਾ ਜਾ ਰਿਹਾ ਹੈ ਕਿਉਂਕਿ ਬਾਦਲ ਪਰਿਵਾਰ ’ਤੇ ਲਗਾਤਾਰ ਦੋਸ਼ ਲੱਗ ਰਹੇ ਹਨ ਕਿ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਲਿਫਾਫੇ ਵਿੱਚੋਂ ਨਿਕਲਦਾ ਹੈ। ਇਸ ਲਈ ਬਾਦਲ ਪਰਿਵਾਰ ਵੱਲੋਂ ਇਹ ਪ੍ਰਭਾਵ ਖ਼ਤਮ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਇਸ ਵਾਰੀ ਵੀ ਇਸ ਅਹੁਦੇ ਲਈ ਮੋਹਰੀ ਉਮੀਦਵਾਰ ਮੰਨੇ ਜਾ ਰਹੇ ਹਨ। ਸੂਤਰਾਂ ਮੁਤਾਬਕ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਸ੍ਰੀ ਧਾਮੀ ਦਾ ਕਾਰਜਕਾਲ ਵਿਵਾਦ ਰਹਿਤ ਹੋਣ ਦੀ ਗੱਲ ਵੀ ਕਹੀ ਹੈ। ਅਕਾਲੀਦਲ ਦੇ ਇੱਕ ਆਗੂ ਨੇ ਕਿਹਾ ਕਿ ਪਾਰਟੀ ਪ੍ਰਧਾਨ ਵੱਲੋਂ ਸਾਰੇ ਮੈਂਬਰਾਂ ਨਾਲ ਮੀਟਿੰਗ ਕੀਤੀ ਜਾਵੇਗੀ ਤੇ ਮੀਟਿੰਗਾਂ ਦੌਰਾਨ ਜਿਹੜੀ ਵੀ ਸ਼ਖ਼ਸੀਅਤ ’ਤੇ ਸਹਿਮਤੀ ਬਣੀ ਉਸੇ ਨੂੰ ਉਮੀਦਵਾਰ ਬਣਾਇਆ ਜਾਵੇਗਾ। ਇਸ ਮੀਟਿੰਗ ਵਿੱਚ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਾਲੇ ਅਕਾਲੀ ਦਲ ਵੱਲੋਂ ਖੜ੍ਹੇ ਕੀਤੇ ਜਾਣ ਵਾਲੇ ਸੰਭਾਵੀ ਉਮੀਦਵਾਰ ਬਾਰੇ ਵੀ ਚਰਚਾ ਕੀਤੀ ਗਈ। ਅਕਾਲੀ ਦਲ ਵੱਲੋਂ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਵਜੋਂ ਜਾਣੀ ਜਾਂਦੀ ਇਸ ਸੰਸਥਾ ’ਤੇ ਕਬਜ਼ਾ ਬਣਾਈ ਰੱਖਣ ਲਈ ਹਰ ਤਰ੍ਹਾਂ ਦਾ ਹਰਬਾ ਵਰਤਿਆ ਜਾ ਰਿਹਾ ਹੈ। ਵਿਰੋਧੀ ਧੜਿਆਂ ਵੱਲੋਂ ਪਿਛਲੇ ਸਾਲ ਬੀਬੀ ਜਗੀਰ ਕੌਰ ਨੂੰ ਉਮੀਦਵਾਰ ਬਣਾਇਆ ਗਿਆ ਸੀ ਪਰ ਉਹ ਅਕਾਲੀ ਦਲ ਦੇ ਉਮੀਦਵਾਰ ਹੱਥੋਂ ਹਾਰ ਗਏ ਸਨ। ਇਸ ਦੇ ਬਾਵਜੂਦ ਅਕਾਲੀ ਦਲ ਰਣਨੀਤੀ ’ਤੇ ਵਿਚਾਰ ਕਰ ਰਿਹਾ ਹੈ। ਜ਼ਿਕਰਯੋਗ ਹੈ ਕਿ ਬੀਬੀ ਜਗੀਰ ਕੌਰ ਮੁੜ ਤੋਂ ਚੋਣ ਲੜਨ ਦਾ ਐਲਾਨ ਕਰ ਚੁੱਕੇ ਹਨ। ਉੱਧਰ, ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਅੱਜ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਜਸਵੀਰ ਸਿੰਘ ਰੋਡੇ, ਬੀਬੀ ਜਗੀਰ ਕੌਰ, ਬਲਬੀਰ ਸਿੰਘ ਘੁੰਨਸ, ਜਸਟਿਸ ਨਿਰਮਲ ਸਿੰਘ, ਭਾਈ ਗੁਰਦੀਪ ਸਿੰਘ, ਜਥੇਦਾਰ ਬਲਦੇਵ ਸਿੰਘ ਚੁੰਘਾ ਅਤੇ ਜਸਵਿੰਦਰ ਸਿੰਘ ਮੌਜੂਦ ਸਨ। ਸ੍ਰੀ ਢੀਂਡਸਾ ਨੇ ਕਿਹਾ ਕਿ ਢੁਕਵਾਂ ਮੌਕਾ ਆਉਣ ’ਤੇ ਉਨ੍ਹਾਂ ਵੱਲੋਂ ਕਾਰਜਕਾਰਨੀ ਕਮੇਟੀ ਦੇ ਮੈਂਬਰਾਂ ਵਜੋਂ ਉਮੀਦਵਾਰਾਂ ਦਾ ਐਲਾਨ ਕੀਤਾ ਜਾਵੇਗਾ। ਪੰਥਕ ਆਗੂਆਂ ਵੱਲੋਂ ਐੱਸਜੀਪੀਸੀ ਚੋਣਾਂ ਵਿੱਚ ਗੁਰਮਤਿ ਸਿਧਾਂਤਾਂ ’ਤੇ ਪਹਿਰਾ ਦੇਣ ਵਾਲੇ ਯੋਗ ਅਤੇ ਸਾਫ਼ ਸੁਥਰੇ ਅਕਦਸ ਵਾਲੇ ਗੈਰ ਰਾਜਨੀਤਕ ਉਮੀਵਾਰਾਂ ਨੂੰ ਖੜ੍ਹੇ ਕਰਨ ’ਤੇ ਜ਼ੋਰ ਦਿੱਤਾ ਗਿਆ। ਇਸ ਦੌਰਾਨ ਸਮੂਹ ਆਗੂਆਂ ਨੇ ਇੱਕਜੁਟ ਹੋ ਕੇ ਸਿੱਖ ਸੰਸਥਾਵਾਂ ਦਾ ਵਕਾਰ ਬਹਾਲ ਕਰਨ ਲਈ ਪੰਥਕ ਵਿਚਾਰਧਾਰਾ ਨੂੰ ਉਭਾਰਨ ’ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਸੁਖਬੀਰ ਸਿੰਘ ਬਾਦਲ ਨੂੰ ਇਹ ਅਪੀਲ ਕੀਤੀ ਕਿ ਉਹ ਕੌਮ ਦੀ ਬਿਹਤਰੀ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਅਤੇ ਸਮੂਹ ਪੰਥਕ ਆਗੂਆਂ ਨੂੰ ਇੱਕਜੁਟ ਹੋ ਕੇ ਅਕਾਲੀ ਦਲ ਨੂੰ ਮੁੜ ਸੁਰਜੀਤ ਕਰਨ ਲਈ ਲਾਮਬੰਦ ਹੋਣ ਦੀ ਅਪੀਲ ਕੀਤੀ।

Scroll to Top