
ਬੀਤੀ 7 ਸਤੰਬਰ ਨੂੰ ਭਾਈ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਬਕਾਇਦਾ ਪੈ੍ਰਸ ਕਾਨਫ਼ਰੰਸ ਰਾਹੀਂ ਅਮਰੀਕਾ ਵਿਖੇ ਗੁਰੂ ਗ੍ਰੰਥ ਸਾਹਿਬ ਦੀ ਛਪਾਈ ਸਬੰਧੀ ਛਾਪਾਖ਼ਾਨਾ ਲਾਉਣ ਲਈ ਵਫ਼ਦ ਭੇਜਣ ਬਾਰੇ ਦਿਤੇ ਬਿਆਨ ਨੂੰ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਮਿੱਠੂ ਸਿੰਘ ਕਾਹਨੇਕੇ ਨੇ ਇਕ ਮੌਕਾਪ੍ਰਸਤੀ ਵਾਲਾ ਸਟੰਟ ਕਰਾਰ ਦਿਤਾ ਹੈ। ‘ਰੋਜ਼ਾਨਾ ਸਪੋਕਸਮੈਨ’ ਦੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਭਾਈ ਕਾਹਨੇਕੇ ਨੇ ਕੁੱਝ ਅਜਿਹੇ ਸਵਾਲ ਉਠਾਏ ਹਨ, ਜਿਨ੍ਹਾਂ ਦੇ ਜਵਾਬ ਦੇਣ ਲਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਮੇਤ ਹੋਰ ਜ਼ਿੰਮੇਵਾਰ ਅਹੁਦੇਦਾਰਾਂ ਨੂੰ ਬਹੁਤ ਮਿਹਨਤ ਕਰਨੀ ਪੈ ਸਕਦੀ ਹੈ। ਭਾਈ ਕਾਹਨੇਕੇ ਨੇ ਦਾਅਵਾ ਕੀਤਾ ਕਿ ਨਵੰਬਰ ਵਿਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਲਈ ਹੋਣ ਵਾਲੀ ਚੋਣ ਦੇ ਸੰਦਰਭ ਵਿਚ ਭਾਈ ਹਰਜਿੰਦਰ ਸਿੰਘ ਧਾਮੀ ਨੇ ਸਿਰਫ਼ ਅਮਰੀਕਾ ਵਿਖੇ ਵਫ਼ਦ ਭੇਜਣ ਦਾ ਇਕ ਸ਼ੋਸ਼ਾ ਛਡਿਆ ਹੈ। ਭਾਈ ਕਾਹਨੇਕੇ ਨੇ ਦਸਿਆ ਕਿ ਸਾਲ 1998 ਵਿਚ ਅਕਾਲ ਤਖ਼ਤ ਦੇ ਜਥੇਦਾਰ ਵਲੋਂ ਆਦੇਸ਼ ਜਾਰੀ ਕੀਤਾ ਗਿਆ ਕਿ ਹੁਣ ਦੁਨੀਆਂ ਭਰ ਵਿਚ ਕੋਈ ਵੀ ਸਿੱਖ ਸੰਸਥਾ ਜਾਂ ਪੰਥਕ ਜਥੇਬੰਦੀ ਪਾਵਨ ਸਰੂਪ ਅਤੇ ਗੁਟਕਾ ਸਾਹਿਬ ਆਦਿ ਦੀ ਛਪਾਈ ਨਹੀਂ ਕਰ ਸਕੇਗੀ ਤੇ ਇਹ ਕੰਮ ਹੁਣ ਸਿਰਫ਼ ਸ਼੍ਰੋਮਣੀ ਕਮੇਟੀ ਹੀ ਕਰੇਗੀ। ਵਿਦੇਸ਼ੀ ਸੰਗਤ ਦੀ ਵਾਰ ਵਾਰ ਮੰਗ ’ਤੇ ਮਾਰਚ 2010 ਵਿਚ ਅਕਾਲ ਤਖ਼ਤ ਦੇ ਜਥੇਦਾਰ ਨੇ ਸ਼੍ਰੋਮਣੀ ਕਮੇਟੀ ਨੂੰ ਵਿਦੇਸ਼ੀ ਸੰਗਤ ਨੂੰ ਪਾਵਨ ਸਰੂਪ ਛਾਪਣ ਦੀ ਆਗਿਆ ਦੇਣ ਬਾਰੇ ਵਿਚਾਰ ਕਰਨ ਦੀ ਹਦਾਇਤ ਕੀਤੀ। ਸ਼੍ਰੋਮਣੀ ਕਮੇਟੀ ਨੇ ਵਿਦੇਸ਼ਾਂ ਵਿਚ ਵਫ਼ਦ ਭੇਜ ਕੇ ਜ਼ਿਆਦਾ ਪੰਜਾਬੀ ਵਸੋਂ ਵਾਲੇ ਇਲਾਕਿਆਂ ਵਿਚ ਪਾਵਨ ਸਰੂਪਾਂ ਦੀ ਛਪਾਈ ਬਾਰੇ ਵਿਚਾਰ ਵਟਾਂਦਰਾ ਕਰਨ ਦਾ ਫ਼ੈਸਲਾ ਕੀਤਾ। ਭਾਈ ਕਾਹਨੇਕੇ ਨੇ ਦਸਿਆ ਕਿ ਪਹਿਲਾ ਵਫ਼ਦ ਦਸੰਬਰ 2010 ਵਿਚ ਕੈਨੇਡਾ ਅਤੇ ਉੱਤਰੀ ਅਮਰੀਕਾ ਵਿਖੇ ਗਿਆ, ਜਿਥੇ ਦੀਦਾਰ ਸਿੰਘ ਬੈਂਸ ਨੇ ਸਾਢੇ 11 ਏਕੜ ਜ਼ਮੀਨ ਯੂਬਾ ਸਿਟੀ ਵਿਖੇ ਸ਼੍ਰੋਮਣੀ ਕਮੇਟੀ ਦੇ ਨਾਮ ਲਵਾ ਦਿਤੀ, ਸੰਗਤ ਵਿਚ ਛਾਪਾਖ਼ਾਨਾ ਲਵਾਉਣ ਵਿਚ ਬਹੁਤ ਉਤਸ਼ਾਹ ਦੇਖਣ ਨੂੰ ਮਿਲਿਆ, ਸ਼੍ਰੋਮਣੀ ਕਮੇਟੀ ਨੇ ਉੱਥੇ ਬੈਂਕ ਵਿਚ ਖਾਤਾ ਖੁਲ੍ਹਵਾ ਕੇ ਢਾਈ ਕਰੋੜ ਰੁਪਿਆ ਜਮ੍ਹਾਂ ਵੀ ਕਰਵਾਇਆ ਜਿਸ ਦੀ ਸ਼੍ਰੋਮਣੀ ਕਮੇਟੀ ਨੇ ਸਾਲ 2021 ਤਕ ਸਾਰ ਲੈਣ ਦੀ ਜ਼ਰੂਰਤ ਹੀ ਨਾ ਸਮਝੀ। ਭਾਈ ਕਾਹਨੇਕੇ ਮੁਤਾਬਕ ਦੂਜਾ ਵਫ਼ਦ 2014 ਅਤੇ ਤੀਜਾ ਵਫ਼ਦ 2015 ਵਿਚ ਗਿਆ, ਜਿਥੇ ਉਨ੍ਹਾਂ ਸਤਨਾਮ ਐਜੂਕੇਸ਼ਨ ਸੁਸਾਇਟੀ ਕੈਨੇਡਾ ਨਾਲ 25 ਸਾਲਾ ਐਗਰੀਮੈਂਟ ਵੀ ਕੀਤਾ, ਸੁਸਾਇਟੀ ਨੇ ਖ਼ਾਲਸਾ ਸਕੂਲ ਵਿਚ ਥਾਂ ਦੇਣ ਦੀ ਸਹਿਮਤੀ ਪ੍ਰਗਟਾਈ, ਪਿ੍ਰੰਟਿੰਗ ਪੈ੍ਰਸ ਲਾਉਣ ਲਈ ਅੱਧਾ ਅੱਧਾ ਖ਼ਰਚ ਕਰਨ ਦੀ ਸਹਿਮਤੀ ਬਣੀ, ਸੁਸਾਇਟੀ ਦੇ ਵਾਰ-ਵਾਰ ਚਿੱਠੀਆਂ ਪਾਉਣ ਅਤੇ ਸੰਪਰਕ ਕਰਨ ਦੇ ਬਾਵਜੂਦ ਵੀ ਸ਼੍ਰੋਮਣੀ ਕਮੇਟੀ ਨੇ ਕੋਈ ਸੁਣਵਾਈ ਨਾ ਕੀਤੀ। ਸਾਲ 2017 ਵਿਚ ਚੌਥਾ ਵਫ਼ਦ ਗਿਆ ਅਤੇ 10 ਅਕਤੂਬਰ 2021 ਤੋਂ 30 ਅਕਤੂਬਰ ਤਕ ਪੰਜਵੇਂ ਵਫ਼ਦ ਨੇ ਕੈਨੇਡਾ ਦੇ ਕਈ ਸ਼ਹਿਰਾਂ ਵਿਚ ਸੰਗਤ ਨਾਲ ਵਿਚਾਰਾਂ ਕੀਤੀਆਂ, ਸੰਗਤ ਵਿਚ ਸ਼੍ਰੋਮਣੀ ਕਮੇਟੀ ਪ੍ਰਤੀ ਗੁੱਸਾ, ਰੋਸ ਅਤੇ ਵਿਰੋਧ ਦੇਖਣ ਨੂੰ ਮਿਲਿਆ, ਗੁਰਦਵਾਰਾ ਸਿੰਘ ਸਭਾ ਸਰੀ ਨੇ 99 ਸਾਲਾ ਲੀਜ਼ ’ਤੇ ਜ਼ਮੀਨ ਦੇਣ ਦੀ ਪੇਸ਼ਕਸ਼ ਕੀਤੀ ਪਰ ਉਸ ਤੋਂ ਬਾਅਦ ਗੱਲ ਠੱਪ ਹੋ ਕੇ ਰਹਿ ਗਈ। ਭਾਈ ਮਿੱਠੂ ਸਿੰਘ ਕਾਹਨੇਕੇ ਨੇ ਆਖਿਆ ਕਿ ਚੀਨ ਤੋਂ ਛਪਾਏ ਪਾਵਨ ਸਰੂਪਾਂ ਦੇ ਯੂ.ਕੇ. ਅਤੇ ਅਮਰੀਕਾ ਪੁੱਜਣ ਦਾ ਗਿਆਨੀ ਹਰਪ੍ਰੀਤ ਸਿੰਘ ਨੇ ਨੋਟਿਸ ਲਿਆ ਜਾਂ ਜਹਾਜ਼ਾਂ ਰਾਹੀਂ ਪਾਵਨ ਸਰੂਪ ਵਿਦੇਸ਼ਾਂ ਵਿਚ ਭੇਜਣ ਦੇ ਨਾਮ ’ਤੇ ਵਿਵਾਦ ਹੋਇਆ ਪਰ ਸ਼੍ਰੋਮਣੀ ਕਮੇਟੀ ਵਲੋਂ ਵਾਰ ਵਾਰ ਵਫ਼ਦ ਭੇਜਣ ਦਾ ਕੋਈ ਅਸਰ ਦਿਖਾਈ ਨਾ ਦੇਣਾ ਅਤੇ ਹੁਣ ਫਿਰ ਅਮਰੀਕਾ ਵਿਖੇ ਵਫ਼ਦ ਭੇਜਣ ਦੇ ਬਿਆਨ ਨਾਲ ਸੰਗਤਾਂ ਵਿਚ ਭੰਬਲਭੂਸਾ ਪੈਦਾ ਹੋਣਾ ਸੁਭਾਵਕ ਹੈ।