
‘ਰਿਜ਼ਰਵੇਸ਼ਨ ਚੋਰ ਫੜੋ’ ਪੱਕਾ ਮੋਰਚਾ ਮੋਹਾਲੀ ਵੱਲੋਂ ਸੋਮਵਾਰ ਨੂੰ ਸਰਕਟ ਹਾਊਸ ਲੁਧਿਆਣਾ ਵਿਖੇ ਪ੍ਰੋਫੈਸਰ ਹਰਨੇਕ ਸਿੰਘ ਦੀ ਪ੍ਰਧਾਨਗੀ ’ਚ ਭਰਵੀਂ ਮੀਟਿੰਗ ਕੀਤੀ ਗਈ। ਇਸ ਮੌਕੇ ਪ੍ਰੋ. ਹਰਨੇਕ ਸਿੰਘ ਨੇ ਦੱਸਿਆ ਕਿ ਇਹ ਮੋਰਚਾ ਪਿਛਲੇ ਲਗਭਗ ਛੇ ਮਹੀਨਿਆਂ ਤੋਂ ਸਮਾਜਿਕ ਨਿਆਂ ਲਈ ਸੰਘਰਸ਼ ਕਰ ਰਿਹਾ ਹੈ, ਜਿਸ ਦਾ ਮੁੱਖ ਉੱਦੇਸ਼ ਪੰਜਾਬ ’ਚ ਬਣੇ ਫ਼ਰਜ਼ੀ ਅਨੁਸੂਚਿਤ ਜਾਤੀ ਦੇ ਸਰਟੀਫਿਕੇਟ ਰੱਦ ਕਰਨਾ ਅਤੇ ਉਕਤ ਸਰਟੀਫਿਕੇਟ ਬਣਾਉਣ ਵਾਲੇ ਲੋਕਾਂ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਕੇ ਜੇਲ੍ਹਾਂ ’ਚ ਡੱਕਣਾ ਹੈ। 13 ਜੂਨ ਨੂੰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਬਲਜੀਤ ਕੌਰ ਕੈਬਨਿਟ ਮੰਤਰੀ ਦੀ ਮੋਰਚਾ ਪ੍ਰਧਾਨ ਨਾਲ ਮੀਟਿੰਗ ਹੋਈ ਸੀ। ਉਨ੍ਹਾਂ ਭਰੋਸਾ ਦਿੱਤਾ ਸੀ ਕਿ ਸਾਰੀਆਂ ਮੰਗਾਂ ਮੰਨ ਲਈਆਂ ਜਾਣਗੀਆਂ ਪਰ ਮਸਲਾ ਜਿਉਂ ਦਾ ਤਿਉਂ ਹੈ। ਇਸ ਕਰਕੇ ਹੁਣ ਪੰਜਾਬ ਦੀਆਂ ਦਲਿਤ ਜਥੇਬੰਦੀਆਂ ਨੇ ਇਹ ਫ਼ੈਸਲਾ ਕੀਤਾ ਹੈ ਕਿ ਆਉਣ ਵਾਲੀ 5 ਨਵੰਬਰ ਨੂੰ ਸਵੇਰੇ 11 ਤੋਂ ਦੁਪਹਿਰ 1 ਵਜੇ ਤੱਕ ਪੰਜਾਬ ਬੰਦ ਕੀਤਾ ਜਾਵੇਗਾ।