AN INSTITUTE FOR RESEARCH ON LITERATURE,CULTURE,HISTORY & HERITAGE OF PUNJAB”
website header

ਸਿੰਘ ਸਾਹਿਬਾਨ ਦੇ ਕਹਿਣ ’ਤੇ ਰਾਜੋਆਣਾ ਵੱਲੋਂ ਭੁੱਖ ਹੜਤਾਲ ਖਤਮ

ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਰੱਖੀ ਗਈ ਭੁੱਖ ਹੜਤਾਲ ਸਿੰਘ ਸਾਹਿਬਾਨ ਦੇ ਕਹਿਣ ’ਤੇ ਅੱਜ ਚੌਥੇ ਦਿਨ ਸਮਾਪਤ ਕਰ ਦਿੱਤੀ ਗਈ। ਇਸ ਸਬੰਧੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਭਾਈ ਸੁਲਤਾਨ ਸਿੰਘ ਸਮੇਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਅੱਜ ਪਟਿਆਲਾ ਜੇਲ੍ਹ ਵਿੱਚ ਰਾਜੋਆਣਾ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਰਾਜੋਆਣਾ ਵੀ ਮੌਜੂਦ ਸਨ। ਇਸ ਮੌਕੇ ਦੋ ਘੰਟੇ ਚੱਲੀਆਂ ਤਕਰੀਰਾਂ ਦੌਰਾਨ ਇਸ ਵਫ਼ਦ ਵੱਲੋਂ ਕੀਤੇ ਗਏ ਵਾਅਦਿਆਂ ਅਤੇ ਸੁਝਾਵਾਂ ਨਾਲ ਸਹਿਮਤ ਹੁੰਦਿਆਂ ਰਾਜੋਆਣਾ ਨੇ ਭੁੱਖ ਹੜਤਾਲ ਸਮਾਪਤ ਕਰ ਦਿੱਤੀ। ਇਸ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਪਵਿੱਤਰ ਸਰੋਵਰ ਵਿੱਚੋਂ ਲਿਆਂਦੇ ਗਏ ਪਵਿੱਤਰ ਜਲ ਸਮੇਤ ਜੂਸ ਵੀ ਸਿੰਘ ਸਾਹਿਬ ਨੇ ਆਪਣੇ ਹੱਥੀਂ ਰਾਜੋਆਣਾ ਨੂੰ ਪਿਲਾਇਆ। ਇਸ ਵਫ਼ਦ ਨੇ ਰਾਜੋਆਣਾ ਨੂੰ ਭਰੋਸਾ ਦਿਵਾਇਆ ਕਿ ਰਹਿਮ ਦੀ ਅਪੀਲ ਸਬੰਧੀ 12 ਸਾਲਾਂ ਤੋਂ ਲਟਕ ਰਹੀ ਪਟੀਸ਼ਨ ਦੇ ਜਲਦੀ ਨਿਪਟਾਰੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸਿੱਖ ਸੰਸਥਾਵਾਂ ਦੇ ਸਹਿਯੋਗ ਨਾਲ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਰਾਜੋਆਣਾ ਨੂੰ ਦੱਸਿਆ ਗਿਆ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ 26 ਲੱਖ ਲੋਕਾਂ ਵੱਲੋਂ ਕੀਤੇ ਗਏ ਦਸਤਖ਼ਤਾਂ ਵਾਲੀ ਫਾਈਲ ਨੂੰ ਸਿਰਾਂ ’ਤੇ ਚੁੱਕ ਕੇ 20 ਦਸੰਬਰ ਨੂੰ ਰਾਸ਼ਟਰਪਤੀ ਭਵਨ ਵੱਲ ਕੂਚ ਕੀਤਾ ਜਾਵੇਗਾ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ ਨੇ ਦੱਸਿਆ ਕਿ ਕੇਂਦਰ ਹੁਣ ਸਿੱਖ ਪੰਥ ਦਾ ਹੋਰ ਸਬਰ ਨਾ ਪਰਖੇ। ਇਸ ਮੌਕੇ ਸ਼੍ਰੋਮਣੀ ਕਮੇਟੀ ਕਾਰਜਕਾਰੀ ਮੈਂਬਰ ਜਸਮੇਰ ਲਾਛੜੂ, ਮੈਂਬਰ ਸਤਵਿੰਦਰ ਟੌਹੜਾ ਤੇ ਜਰਨੈਲ ਕਰਤਾਰਪੁਰ, ਮੈਨੇਜਰ ਕਰਨੈਲ ਵਿਰਕ ਤੇ ਮੀਤ ਮੈਨੇਜਰ ਜਰਨੈਲ ਮਕੌਰੜ ਸਾਹਿਬ ਅਤੇ ਭਾਗ ਸਿੰਘ ਚੌਹਾਨ ਆਦਿ ਵੀ ਮੌਜੂਦ ਸਨ। ਦੱਸਣਾ ਬਣਦਾ ਹੈ ਕਿ ਬੇਅੰਤ ਸਿੰਘ ਕਤਲ ਕਾਂਡ ਵਿੱਚ ਰਾਜੋਆਣਾ ਨੂੰ 2007 ’ਚ ਸੁਣਾਈ ਗਈ ਫਾਂਸੀ ਦੀ ਸਜ਼ਾ ਨੂੰ ਅਮਲ ’ਚ ਲਿਆਉਣ ਲਈ 30 ਮਾਰਚ 2012 ਦਾ ਦਿਨ ਮੁਕੱਰਰ ਕੀਤਾ ਗਿਆ ਸੀ ਪਰ ਰਾਜੋਆਣਾ ਵੱਲੋਂ ਕਾਨੂੰਨੀ ਚਾਰਾਜੋਈ ਨਾ ਕੀਤੀ ਗਈ, ਜਿਸ ਕਰ ਕੇ ਮਾਰਚ 2012 ’ਚ ਸ਼੍ਰੋਮਣੀ ਕਮੇਟੀ ਨੇ ਰਹਿਮ ਦੀ ਅਪੀਲ ਦਾਇਰ ਕੀਤੀ ਸੀ। ਰਾਸ਼ਟਰਪਤੀ ਵੱਲੋਂ ਤਿੰਨ ਦਿਨ ਪਹਿਲਾਂ ਫਾਂਸੀ ’ਤੇ ਰੋਕ ਲਗਾ ਕੇ ਫਾਈਲ ਕੇਂਦਰ ਸਰਕਾਰ ਨੂੰ ਭੇਜ ਦਿੱਤੀ ਗਈ ਸੀ। ਰਾਜੋਆਣਾ ਦਾ ਕਹਿਣਾ ਹੈ ਕਿ ਸ਼੍ਰੋਮਣੀ ਕਮੇਟੀ ਤੇ ਹੋਰ ਸਿੱਖ ਸਫਾਂ ਵੱਲੋਂ ਸੁਹਿਰਦ ਯਤਨ ਨਾ ਕੀਤੇ ਜਾਣ ਕਰ ਕੇ ਹੀ ਇਹ ਫਾਈਲ 12 ਸਾਲਾਂ ਤੋਂ ਲਟਕੀ ਪਈ ਹੈ ਜਿਸ ਕਰ ਕੇ ਇਸ ਪਟੀਸ਼ਨ ਨੂੰ ਵਾਪਸ ਲੈਣ ਦੀ ਮੰਗ ਕਰਦਿਆਂ ਉਨ੍ਹਾਂ ਨੇ 5 ਦਸੰਬਰ ਨੂੰ ਭੁੱਖ ਹੜਤਾਲ ਸ਼ੁਰੂ ਕੀਤੀ ਸੀ।

Scroll to Top