AN INSTITUTE FOR RESEARCH ON LITERATURE,CULTURE,HISTORY & HERITAGE OF PUNJAB”
website header

ਸਿੱਧੂ ਨੂੰ ਅਨੁਸ਼ਾਸਨ ’ਚ ਲਿਆਓ ਜਾਂ ਫਿਰ ਬਾਹਰ ਦਾ ਰਾਹ ਦਿਖਾਓ, ਕਾਂਗਰਸੀਆਂ ਨੇ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਨੂੰ ਦਿੱਤਾ ਸੁਝਾਅ

ਪੰਜਾਬ ਕਾਂਗਰਸ ਦੇ ਜ਼ਿਆਦਾਤਰ ਆਗੂਆਂ ਨੇ ਅੱਜ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਦੇਵੇਂਦਰ ਯਾਦਵ ਨੂੰ ਸਪੱਸ਼ਟ ਤੌਰ ’ਤੇ ਪਾਰਟੀ ਦੇ ਹਿਤ ਲਈ ਲੋਕ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਨਾਲ ਚੋਣ ਗਠਜੋੜ ਨਾ ਕਰਨ ਅਤੇ ਹਰ ਹਾਲਤ ’ਚ ਅਨੁਸ਼ਾਸਨ ਕਾਇਮ ਰੱਖਣ ਦੀ ਸਲਾਹ ਦਿੱਤੀ ਹੈ। ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਦੇਵੇਂਦਰ ਯਾਦਵ ਨੇ ਪਾਰਟੀ ਦੇ ਸੀਨੀਅਰ ਆਗੂਆਂ, ਸਾਬਕਾ ਪ੍ਰਧਾਨਾਂ, ਲੋਕ ਸਭਾ ਦੇ ਮੌਜੂਦਾ ਤੇ ਸਾਬਕਾ ਮੈਂਬਰਾਂ, ਵਿਧਾਇਕਾਂ, ਸਾਬਕਾ ਵਿਧਾਇਕਾਂ ਨਾਲ ਮੁਲਾਕਾਤ, ਜਾਣ ਪਹਿਚਾਣ ਕਰਨ ਲਈ ਚੰਡੀਗੜ੍ਹ ਕਾਂਗਰਸ ਭਵਨ ’ਚ ਅਲੱਗ-ਅਲੱਗ ਮੀਟਿੰਗ ਕੀਤੀਆਂ। ਆਮ ਰਿਵਾਇਤਾਂ ਦੇ ਉਲਟ ਅੱਜ ਪਲੇਠੀ ਮੀਟਿੰਗ ਦੌਰਾਨ ਹੀ ਕਾਂਗਰਸੀਆਂ ਨੇ ਇਕ ਤਰ੍ਹਾਂ ਸੂਬੇ ਦੀ ਰਾਜਸੀ ਤੇ ਪਾਰਟੀ ਦੇ ਅੰਦਰੂਨੀ ਸਥਿਤੀ ਤੋਂ ਜਾਣੂ ਕਰਵਾ ਦਿੱਤਾ। ਪਾਰਟੀ ਦੇ ਕਈ ਸੀਨੀਅਰ ਆਗੂਆਂ ਦੀ ਪਲੇਠੀ ਮੀਟਿੰਗ ਵਿਚ ਗੈਰਹਾਜ਼ਰੀ ਰੜਕਦੀ ਰਹੀ। ਸੂਤਰ ਦੱਸਦੇ ਹਨ ਕਿ ਸੀਨੀਅਰ ਆਗੂਆਂ ਨੇ ਮੀਟਿੰਗ ਵਿਚ ਸੁਝਾਅ ਦਿੱਤਾ ਕਿ ਬਹੁਤ ਸਾਰੇ ਆਗੂ ਘਰ ਬੈਠੇ ਹਨ,ਜਿਹਨਾਂ ਦੀ ਗੱਲ ਸੁਣ ਕੇ ਨਾਲ ਤੋਰਨ ਦੀ ਜਰੂਰਤ ਹੈ। ਕਈ ਆਗੂਆਂ ਨੇ ਸਪਸ਼ਟ ਕਿਹਾ ਕਿ ਲੋਕ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਨਾਲ ਸੂਬੇ ਵਿਚ ਚੋਣ ਗਠਜੋੜ ਦੀ ਜਰੂਰਤ ਨਹੀੰ ਹੈ। ਕੌਮੀ ਪੱਧਰ ’ਤੇ ਗਠਜੋੜ ਕਰ ਲਿਆ ਜਾਵੇ ਪਰ ਪੰਜਾਬ ਵਿਚ ਹੁਕਮਰਾਨ ਧਿਰ ਨਾਲ ਚੋਣ ਸਮਝੌਤਾ ਪਾਰਟੀ ਨੂੰ ਮਹਿੰਗਾ ਪੈ ਸਕਦਾ ਹੈ। ਇਸੀ ਤਰ੍ਹਾਂ ਕਈ ਆਗੂਆਂ ਨੇ ਕਿਹਾ ਕਿ ਪਾਰਟੀ ਵਿਚ ਅਨੁਸ਼ਾਸ਼ਨ ਹੋਣਾ ਜਰੂਰੀ ਹੈ। ਪਾਰਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ, ਜੋ ਅੱਜ ਮੀਟਿੰਗ ਵਿਚ ਨਹੀਂ ਪੁੱਜੇ ਅਤੇ ਹੁਸ਼ਿਆਰਪੁਰ ਜਿਲ੍ਹੇ ਵਿਚ ਰੈਲੀ ਕਰ ਰਹੇ ਸਨ, ਬਾਰੇ ਆਗੂਆਂ ਨੇ ਕਿਹਾ ਕਿ ਨਵਜੋਤ ਸਿੱਧੂ ਨੂੰ ਅਨੁਸ਼ਾਸ਼ਨ ਵਿਚ ਲਿਆਂਦਾ ਜਾਵੇ ਜਾਂ ਫਿਰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾਇਆ ਜਾਵੇ। ਆਗੂਆਂ ਵਲੋ ਵਾਰ ਵਾਰ ਮੁੱਦਾ ਚੁੱਕਣ ’ਤੇ ਦੇਵੇੰਦਰ ਯਾਦਵ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਆ ਗਿਆ ਹੈ ਅਤੇ ਇਸਨੂੰ ਵਾਰ ਵਾਰ ਨਾ ਦਹੁਰਾਇਆ ਜਾਵੇ। ਪਤਾ ਚੱਲਿਆ ਹੈ ਕਿ ਕਈ ਸਾਬਕਾ ਵਿਧਾਇਕਾਂ ਨੇ ਅਤੀਤ ਅਤੇ ਭਵਿੱਖ ਨੂੰ ਭੁੱਲ ਕੇ ਮੌਜੂਦਾ ਸਮੇਂ ਵਾਪਰ ਰਹੀਆਂ ਘਟਨਾਵਾਂ ਤੇ ਮੰਗਾਂ ਨੂੰ ਗੰਭੀਰਤਾਂ ਨਾਲ ਲੈਣ ਦੀ ਗੱਲ ਕਹੀ। ਕਈ ਆਗੂਆਂ ਨੇ ਕੇਂਦਰ ਸਰਕਾਰ ਵਲੋਂ ਸੜਕ ਦੁਰਘਟਨਾਵਾਂ ਵਿਚ ਡਰਾਇਵਰਾਂ ਨੂੰ ਸਖ਼ਤ ਸਜ਼ਾ ਦੇਣ ਲਈ ਕਾਨੂੰਨ ਵਿਚ ਕੀਤੇ ਸੋਧ ਦੇ ਮੁੱਦੇ ਨੂੰ ਚੁੱਕਣ ਦੀ ਸਲਾਹ ਦਿੱਤੀ। ਆਗੂਆਂ ਨੇ ਕਿਹਾ ਕਿ ਦੇਸ਼ ਵਿਚ ਟਰੱਕ ਡਰਾਇਵਰਾਂ ਦੀ ਵੱਡੀ ਗਿਣਤੀ ਹੈ, ਕਾਂਗਰਸ ਨੂੰ ਇਹ ਮੁੱਦਾ ਜੋਰਦਾਰ ਢੰਗ ਨਾਲ ਚੁੱਕਣਾ ਚਾਹੀਦਾ ਹੈ। ਸੂਤਰ ਦੱਸਦੇ ਹਨ ਕਿ ਕਾਂਗਰਸ ਦੇ ਕਈ ਸੀਨੀਅਰ ਆਗੂਆਂ ਨੇ ਮੀਟਿੰਗ ਤੋਂ ਇਸ ਲਈ ਦੂਰੀ ਬਣਾਈ ਕਿਉਂਕਿ ਓਹ ਆਪ ਨਾਲ ਚੋਣ ਸਮਝੌਤੇ ਦੇ ਖਿਲਾਫ਼ ਹਨ। ਆਗੂਆਂ ਦਾ ਕਹਿਣਾ ਹੈ ਕਿ ਸਰਕਾਰ ਨੇ ਕਾਂਗਰਸ ਦੇ ਕਈ ਸਾਬਕਾ ਮੰਤਰੀਆਂ, ਵਿਧਾਇਕਾਂ ਖਿਲਾਫ਼ ਕੇਸ ਦਰਜ਼ ਕਰਕੇ ਸਲਾਖਾ ਪਿੱਛੇ ਭੇਜਿਆ ਹੈ। ਪਾਰਟੀ ਆਗੂ ਲਗਾਤਾਰ ਸਟੇਜ਼ਾਂ ਅਤੇ ਲੋਕਾਂ ਵਿਚ ਸਰਕਾਰ ਦਾ ਵਿਰੋਧ ਕਰ ਰਹੇ ਹਨ, ਇਹਨਾਂ ਹਾਲਤਾਂ ਵਿਚ ਚੋਣਾਂ ’ਚ ਕਿਵੇਂ ਇਕੱਠਿਆ ਪ੍ਰਚਾਰ ਕੀਤਾ ਜਾ ਸਕੇਗਾ। ਯਾਦਵ ਨੇ ਪਾਰਟੀ ਵਰਕਰਾਂ, ਆਗੂਆਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਪਾਰਟੀ ਹਾਈਕਮਾਨ ਤੱਕ ਪਹੁੰਚਾਇਆ ਜਾਵੇਗਾ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਨੁਸ਼ਾਸ਼ਨਹੀਣਤਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅਨੁਸ਼ਾਸ਼ਨਹੀਣਤਾ ਲਈ ਕੀ ਮਾਪਦੰਡ ਹੋਵੇਗਾ ਇਸ ਬਾਰੇ ਦੇਵੇਂਦਰ ਯਾਦਵ ਹੀ ਦੱਸ ਸਕਦੇ ਹਨ। ਉਧਰ ਦੇਵੇਂਦਰ ਯਾਦਵ ਨੇ ਕਿਹਾ ਕਿ ਸਾਡੇ ਕੋਲ੍ਹ ਸਿੱਧੂ ਬਾਰੇ ਕੋਈ ਸ਼ਿਕਾਇਤ ਨਹੀਂ ਹੈ। ਉਨ੍ਹਾਂ ਕਿਹਾ ਕਿ ਫੀਡਬੈਕ ਮਿਲ ਗਈ ਹੈ, ਉਹ ਇਸ ਬਾਰੇ ਨਵਜੋਤ ਸਿੱਧੂ ਨਾਲ ਗੱਲ ਕਰਨਗੇ।

Scroll to Top