
ਸਾਬਕਾ ਖ਼ਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਛੱਡ ਦੇਣ, ਉਹ ਬਿਨਾਂ ਸ਼ਰਤ ਫਿਰ ਤੋਂ ਅਕਾਲੀ ਦਲ ਵਿਚ ਸ਼ਾਮਲ ਹੋ ਕੇ ਪਾਰਟੀ ਦੀ ਮਜ਼ਬੂਤੀ ਲਈ ਅੱਗੇ ਆਉਣ ਨੂੰ ਤਿਆਰ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਨ ਵਾਲੇ ਅਕਾਲੀ ਦਲ ਨੂੰ ਸੁਖਬੀਰ ਸਿੰਘ ਬਾਦਲ ਵੱਲੋਂ ਆਪਣੇ ਹਿੱਤਾਂ ਲਈ ਵਰਤੇ ਜਾਣ ’ਤੇ ਹੀ ਪਾਰਟੀ ਬੁਰੀ ਤਰ੍ਹਾਂ ਹਾਰੀ ਹੈ। ਇਸ ਦੌਰਾਨ ਉਨ੍ਹਾਂ ਪੰਜਾਬ ਦੇ ਹਾਲਾਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪ੍ਰੋਫੈਸਰ ਬਲਵਿੰਦਰ ਕੌਰ ਦੀ ਖ਼ੁਦਕਸ਼ੀ ਮਾਮਲੇ ’ਤੇ ਪੰਜਾਬ ਸਰਕਾਰ ਦੀ ਨਿੰਦਾ ਕੀਤੀ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਖ਼ਿਲਾਫ਼ ਕੇਸ ਦਰਜ ਕੀਤੇ ਜਾਣ ਦੀ ਮੰਗ ਕਰਦਿਆਂ ਨਸ਼ਿਆਂ ਨੂੰ ਰੋਕਣ ਵਿਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਸਫਲ ਦੱਸਿਆ। ਇਸ ਦੌਰਾਨ ਉਨ੍ਹਾਂ ਸਰਪੰਚ ਰਾਮਫਲ ਸਿੰਘ ਦੀ ਪਤਨੀ ਮਨਜੀਤ ਕੌਰ ਦੀ ਮੌਤ ’ਤੇ ਅਫ਼ਸੋਸ ਪ੍ਰਗਟ ਕਰਨ ਪੁੱਜੇ ਢੀਂਡਸਾ ਨੇ ਕਿਹਾ ਕਿ ਪੰਜਾਬ ਦੇ ਬਹੁਤ ਸਾਰੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦਾ ਦਾਅਵਾ ਕਰ ਰਹੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰਾਜ ਦੌਰਾਨ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੀ ਪ੍ਰੋ. ਬਲਵਿੰਦਰ ਕੌਰ ਨੂੰ ਇਸ ਸਰਕਾਰ ਦੇ ਮੰਤਰੀ ਵੱਲੋਂ ਜ਼ਲੀਲ ਕੀਤੇ ਜਾਣ ’ਤੇ ਉਸ ਨੂੰ ਖ਼ੁਦਕਸ਼ੀ ਕਰਨ ਲਈ ਮਜਬੂਰ ਹੋਣਾ ਪਿਆ ਹੈ ਪਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੱਤਾ ਵਿਚ ਆਉਣ ’ਤੇ ਕੋਈ ਧਰਨਾ ਨਾ ਲੱਗਣ ਦੇ ਦਾਅਵੇ ਕਰਨ ਵਾਲੀ ਆਾਮ ਆਦਮੀ ਪਾਰਟੀ ਦੇ ਇਸ ਰਾਜ ਵਿਚ ਪ੍ਰੋਫੈਸਰ ਦੀ ਮੌਤ ਲਈ ਉਸ ਦੇ ਪਰਿਵਾਰ ਅਤੇ ਮੁਲਾਜ਼ਮ ਜਥੇਬੰਦੀਆਂ ਨੂੰ ਧਰਨਾ ਲਾਇਆਂ ਕਈ ਦਿਨ ਬੀਤ ਚੁੱਕੇ ਹਨ ਪਰ ਇਹ ਸਰਕਾਰ ਆਪਣੇ ਮੰਤਰੀ ਨੂੰ ਬਚਾਉਣ ਲਈ ਇਸ ਪਰਿਵਾਰ ਦੀ ਕੋਈ ਸੁਣਵਾਈ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਸਰਕਾਰ ਬਣਨ ’ਤੇ ਤਿੰਨ ਹਫ਼ਤਿਆਂ ਵਿਚ ਨਸ਼ਾ ਖ਼ਤਮ ਕਰਨ ਦੇ ਦਾਅਵੇ ਕਰਨ ਵਾਲੀ ਇਸ ਸਰਕਾਰ ਦੇ ਰਾਜ ਵਿਚ ਨਸ਼ੇ ਦੀ ਵਿਕਰੀ ਕਈ ਗੁਣਾ ਵਧ ਚੁੱਕੀ ਹੈ। ਨਸ਼ਾ ਰੋਕਣ ਵਿਚ ਪੂਰੀ ਤਰ੍ਹਾਂ ਫੇਲ੍ਹ ਹੋਈ ਇਹ ਸਰਕਾਰ ਨਸ਼ਾ ਰੋਕਣ ਦੇ ਝੂਠੇ ਦਾਅਵੇ ਕਰ ਰਹੀ ਹੈ।