AN INSTITUTE FOR RESEARCH ON LITERATURE,CULTURE,HISTORY & HERITAGE OF PUNJAB”
website header

ਸੁਖਬੀਰ ਵੱਲੋਂ ਮਹਿਲਾ ਵਿੰਗ ਨੂੰ ਸਰਗਰਮ ਹੋਣ ਦੀ ਹਦਾਇਤ

ਸ਼੍ਰੋਮਣੀ ਅਕਾਲੀ ਦਲ ਦੀਆਂ ਬਾਗੀ ਬੀਬੀਆਂ ਦੀਆਂ ਗਤੀਵਿਧੀਆਂ ਠੱਪ ਹੋਣ ਮਗਰੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮਹਿਲਾ ਵਿੰਗ ਦੀ ਪ੍ਰਧਾਨ ਹਰਗੋਬਿੰਦ ਕੌਰ ਅਤੇ ਹੋਰ ਮਹਿਲਾ ਅਹੁਦੇਦਾਰਾਂ ਨਾਲ ਮੀਟਿੰਗ ਦੀ ਪ੍ਰਧਾਨਗੀ ਕੀਤੀ। ਇਸ ਮੌਕੇ ਪਾਰਟੀ ਪ੍ਰਧਾਨ ਨੇ ਐਲਾਨ ਕੀਤਾ ਕਿ ਮਾਘੀ ਦੇ ਮੇਲੇ ਮੌਕੇ ਧੀਆਂ ਦੀ ਲੋਹੜੀ ਮਨਾਈ ਜਾਵੇਗੀ ਤੇ ਪਾਰਟੀ ’ਚ ਔਰਤਾਂ ਨੂੰ ਹਰ ਪੱਧਰ ’ਤੇ ਮਾਣ ਸਨਮਾਨ ਅਤੇ ਜ਼ਿੰਮੇਵਾਰੀ ਦਿੱਤੀ ਜਾਵੇਗੀ। ਸੁਖਬੀਰ ਨੇ ਪਾਰਟੀ ਦੇ ਮਹਿਲਾ ਵਿੰਗ ਨੂੰ ਮੈਂਬਰਾਂ ਦੀ ਭਰਤੀ ਤੇਜ਼ ਕਰਕੇ ਆਗਾਮੀ ਸਥਾਨਕ ਸਰਕਾਰਾਂ ਤੇ ਪੰਚਾਇਤੀ ਚੋਣਾਂ ਲੜਨ ਦੀ ਤਿਆਰੀ ਕਰਨ ਦੀ ਹਦਾਇਤ ਵੀ ਕੀਤੀ। ਮਹਿਲਾ ਵਿੰਗ ਦੀ ਪ੍ਰਧਾਨ ਹਰਗੋਬਿੰਦ ਕੌਰ ਨਾਲ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ, ‘‘ਅਸੀਂ ਅਕਾਲੀ ਦਲ ’ਚ ਇੱਕ ਮਜ਼ਬੂਤ ਤੇ ਠੋਸ ਲੀਡਰਸ਼ਿਪ ਤਿਆਰ ਕਰਨ ਵਾਸਤੇ ਵਚਨਬੱਧ ਹਾਂ ਤੇ ਤੁਹਾਨੂੰ ਅਪੀਲ ਕਰਦੇ ਹਾਂ ਕਿ ਇਸ ਪ੍ਰਕਿਰਿਆ ਵਿੱਚ ਸਾਡੀ ਮਦਦ ਕੀਤੀ ਜਾਵੇ।’’ ਉਨ੍ਹਾਂ ਨੇ ਮਹਿਲਾ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਸਾਰੇ ਪੱਧਰਾਂ ’ਤੇ ਕਮੇਟੀਆਂ ਕਾਇਮ ਕਰਨ ਤਾਂ ਜੋ ਸਥਾਨਕ ਸਰਕਾਰ ਚੋਣਾਂ ਤੇ ਪੰਚਾਇਤ ਚੋਣਾਂ ਵਾਸਤੇ ਸਰਗਰਮ ਵਰਕਰਾਂ ’ਚੋਂ ਉਮੀਦਵਾਰਾਂ ਦੀ ਚੋਣ ਕੀਤੀ ਜਾ ਸਕੇ। ਸੁਖਬੀਰ ਨੇ ਮੈਂਬਰਸ਼ਿਪ ਭਰਤੀ ਮਗਰੋਂ ਸਰਕਲ, ਜ਼ਿਲ੍ਹਾ ਤੇ ਸੂਬਾ ਪੱਧਰ ’ਤੇ ਮੀਟਿੰਗਾਂ ਕਰਨ ਦਾ ਸੁਝਾਅ ਦਿੱਤਾ ਅਤੇ ਆਖਿਆ ਕਿ ਮੈਂਬਰਸ਼ਿਪ ਉਸੇ ਤਰੀਕੇ ਕੀਤੀ ਜਾ ਸਕਦੀ ਹੈ ਜਿਵੇਂ ਕਿ ਯੂਥ ਅਕਾਲੀ ਦਲ ਦੀ ਭਰਤੀ ਮੁਹਿੰਮ ਚੱਲ ਰਹੀ ਹੈ। ਇਸ ਮੌਕੇ ਮਹਿਲਾ ਵਿੰਗ ਦੀ ਪ੍ਰਧਾਨ ਹਰਗੋਬਿੰਦ ਕੌਰ ਨੇ ਦੱਸਿਆ ਕਿ ਉਨ੍ਹਾਂ ਦੀ ਪਹਿਲੀ ਤਰਜੀਹ ਜ਼ਮੀਨੀ ਪੱਧਰ ’ਤੇ ਕਮੇਟੀਆਂ ਗਠਿਤ ਕਰਨਾ ਹੈ ਅਤੇ ਇਹ ਪ੍ਰਕਿਰਿਆ ਪੂਰੀ ਹੋਣ ਮਗਰੋਂ ਸਰਗਰਮ ਵਰਕਰਾਂ ਵਿਚੋਂ ਅਹੁਦੇਦਾਰਾਂ ਦੀ ਨਿਯੁਕਤੀ ਕੀਤੀ ਜਾਵੇਗੀ।

Scroll to Top