AN INSTITUTE FOR RESEARCH ON LITERATURE,CULTURE,HISTORY & HERITAGE OF PUNJAB”
website header

ਸੁਲਤਾਨਪੁਰ ਲੋਧੀ ਘਟਨਾ: ਸੁਖਬੀਰ ਦੀ ਅਗਵਾਈ ਹੇਠ ਵਫ਼ਦ ਰਾਜਪਾਲ ਨੂੰ ਮਿਲਿਆ

ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਮੰਗ ਪੱਤਰ ਸੌਂਪ ਕੇ ਅਪੀਲ ਕੀਤੀ ਕਿ ਸੁਲਤਾਨਪੁਰ ਲੋਧੀ ਵਿੱਚ ਗੁਰਦੁਆਰਾ ਅਕਾਲ ਬੁੰਗਾ ਸਾਹਿਬ ’ਤੇ ਹੋਏ ਬੇਅਦਬੀ ਭਰੇ ਹਥਿਆਰਬੰਦ ਹਮਲੇ ਦੀ ਸੀਬੀਆਈ ਜਾਂਚ ਦੀ ਸਿਫਾਰਸ਼ ਕੀਤੀ ਜਾਵੇ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਵਫ਼ਦ ਨੇ ਰਾਜਪਾਲ ਨੂੰ ਦਿੱਤੇ ਮੰਗ ਪੱਤਰ ਵਿੱਚ ਮੁੱਖ ਮੰਤਰੀ ਦੀ ਕਥਿਤ ਸ਼ਹਿ ’ਤੇ ਗੁਰਦੁਆਰੇ ’ਤੇ ਕਬਜ਼ਾ ਕਰਨ ਲਈ ਪੁਲੀਸ ਭੇਜਣ ਤੇ ਗੋਲੀਆਂ ਚਲਾਉਣ ਦੇ ਦੋਸ਼ ਲਾਏ ਹਨ। ਵਫ਼ਦ ਨੇ ਕਿਹਾ ਕਿ ਸਵੇਰੇ 4 ਵਜੇ ਸ਼ਾਂਤ ਬੈਠ ਕੇ ਗੁਰਬਾਣੀ ਦਾ ਜਾਪ ਕਰ ਰਹੀ ਸੰਗਤ ’ਤੇ ਹਥਿਆਰਬੰਦ ਹਮਲਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਹਮਲੇ ਨੇ 1984 ਵਿੱਚ ਅੰਮ੍ਰਿਤਸਰ ’ਚ ਸ੍ਰੀ ਦਰਬਾਰ ਸਾਹਿਬ ’ਤੇ ਹੋਏ ਹਮਲੇ ਦੀ ਯਾਦ ਤਾਜ਼ਾ ਕਰਵਾ ਦਿੱਤੀ ਹੈ। ਰਾਜਪਾਲ ਨਾਲ ਮੁਲਾਕਾਤ ਮਗਰੋਂ ਸੁਖਬੀਰ ਸਿੰਘ ਬਾਦਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਗੁਰਦੁਆਰਾ ਅਕਾਲ ਬੁੰਗਾ ਤੋਂ ਨਿਹੰਗ ਸਿੰਘਾਂ ਦੇ ਇੱਕ ਧੜੇ ਨੂੰ ਹਟਾ ਕੇ ਦੂਜੇ ਧੜੇ ਦੀ ਅਗਵਾਈ ਕਰਨ ਵਾਲੇ ਆਗੂ ਦਾ ਕਬਜ਼ਾ ਕਰਵਾਉਣ ਲਈ ਕਪੂਰਥਲਾ ਪੁਲੀਸ ਹਥਿਆਰ ਲੈ ਕੇ ਗੁਰਦੁਆਰਾ ਸਾਹਿਬ ਵਿੱਚ ਦਾਖ਼ਲ ਹੋਈ ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਸਬੂਤ ਵੀ ਰਾਜਪਾਲ ਨੂੰ ਸੌਂਪੇ ਗਏ ਹਨ। ਵਫ਼ਦ ਨੇ ਕਿਹਾ ਕਿ ਘਟਨਾ ਦੀ ਜਾਂਚ ਵਾਸਤੇ ਵਿਵਾਦਾਂ ਦੇ ਘੇਰੇ ਵਿੱਚ ਆਏ ਪੁਲੀਸ ਅਫ਼ਸਰ ਦੀ ਅਗਵਾਈ ਹੇਠ ‘ਸਿਟ’ ਗਠਿਤ ਕਰ ਕੇ ਮਾਮਲੇ ਨੂੰ ਹੋਰ ਪੇਚੀਦਾ ਬਣਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਜਿਹੇ ਹਾਲਾਤ ਵਿੱਚ ਸਿਰਫ ਸੀਬੀਆਈ ਜਾਂਚ ਹੀ ਸਾਰੀ ਸਾਜ਼ਿਸ਼ ਦਾ ਪਰਦਾਫਾਸ਼ ਕਰ ਸਕਦੀ ਹੈ। ਇਸ ਦੇ ਨਾਲ ਹੀ ਇਸ ਮਾਮਲੇ ਵਿੱਚ ਮੁੱਖ ਮੰਤਰੀ ਅਤੇ ਘਟਨਾ ਲਈ ਜ਼ਿੰਮੇਵਾਰ ਪੁਲੀਸ ਅਫ਼ਸਰਾਂ ਖ਼ਿਲਾਫ਼ ਕਤਲ ਅਤੇ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਨ ਦੇ ਦੋਸ਼ ਹੇਠ ਕੇਸ ਦਰਜ ਹੋਣਾ ਚਾਹੀਦਾ ਹੈ। ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ‘ਆਪ’ ਸਰਕਾਰ ਨੇ ਨਾ ਸਿਰਫ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰੀ ਹੈ, ਸਗੋਂ ਪੱਤਰਕਾਰ ’ਤੇ ਹਮਲਾ ਕਰਕੇ ਪ੍ਰੈੱਸ ਦੀ ਆਜ਼ਾਦੀ ’ਤੇ ਵੀ ਹਮਲਾ ਕੀਤਾ ਹੈ। ਉਨ੍ਹਾਂ ਇਸ ਮਾਮਲੇ ’ਤੇ ਚੁੱਪ ਵੱਟਣ ਲਈ ਬਲਜੀਤ ਸਿੰਘ ਦਾਦੂਵਾਲ, ਧਿਆਨ ਸਿੰਘ ਮੰਡ, ਪੰਥਪ੍ਰੀਤ ਸਿੰਘ ਤੇ ਸਿਮਰਨਜੀਤ ਸਿੰਘ ਮਾਨ ਦੀ ਵੀ ਆਲੋਚਨਾ ਕੀਤੀ।

Scroll to Top