
ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਆਏ ਸ਼ਰਧਾਲੂ ਨੇ ਐਤਵਾਰ ਤੜਕੇ 4 ਵਜੇ ਸੇਵਾਦਾਰ ’ਤੇ ਪਿਸਤੌਲ ਤਾਣ ਦਿੱਤਾ। ਪਤਾ ਲੱਗਾ ਹੈ ਕਿ ਸੇਵਾਦਾਰ ਨੇ ਪਿਸਤੌਲ ਤਾਨਣ ਵਾਲੇ ਵਿਅਕਤੀ ਨੂੰ ਲਾਈਨ ਵਿਚ ਆਉਣ ਲਈ ਕਿਹਾ ਸੀ। ਇਕ ਹੋਰ ਸੇਵਾਦਾਰ ਨੇ ਉਸ ਨੂੰ ਕਿਸੇ ਤਰ੍ਹਾਂ ਕਾਬੂ ਕਰ ਲਿਆ ਤੇ ਥਾਣੇ ਲੈ ਗਏ। ਜਾਂਚ ’ਚ ਪਤਾ ਲੱਗਾ ਕਿ ਹਿਰਾਸਤ ’ਚ ਲਿਆ ਗਿਆ ਵਿਅਕਤੀ ਨਿੱਜੀ ਚੈਨਲ ਦਾ ਰਿਪੋਰਟਰ ਹੈ। ਦੁਪਹਿਰ ਤੱਕ ਦੋਵਾਂ ਧਿਰਾਂ ਵਿਚਾਲੇ ਸਮਝੌਤਾ ਹੋਣ ਤੋਂ ਬਾਅਦ ਪੱਤਰਕਾਰ ਨੂੰ ਰਿਹਾਅ ਕਰ ਦਿੱਤਾ ਗਿਆ। ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਐਤਵਾਰ ਸਵੇਰੇ 4 ਵਜੇ ਦੇ ਕਰੀਬ ਇਕ ਵਿਅਕਤੀ ਆਪਣੇ ਪਰਿਵਾਰ ਦੇ ਸੱਤ-ਅੱਠ ਮੈਂਬਰਾਂ ਸਮੇਤ ਚੰਡੀਗੜ੍ਹ ਤੋਂ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਲਈ ਪਹੁੰਚਿਆ ਸੀ। ਇਸ ਦੌਰਾਨ ਵੱਡੀ ਗਿਣਤੀ ’ਚ ਸ਼ਰਧਾਲੂ ਪੁੱਜੇ ਹੋਏ ਸਨ। ਕਾਫੀ ਭੀੜ ਕਾਰਨ ਉਕਤ ਸ਼ਰਧਾਲੂ ਤੇ ਉਸ ਦੇ ਪਰਿਵਾਰ ਨੂੰ ਲੰਬੀ ਲਾਈਨ ਵਿਚ ਲੱਗਣਾ ਪੈਣਾ ਸੀ। ਇਨ੍ਹਾਂ ਹਾਲਾਤ ਨੂੰ ਦੇਖਦੇ ਹੋਏ ਸ਼ਰਧਾਲੂ ਨੇ ਕਿਸੇ ਤਰ੍ਹਾਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਜ਼ਰੂਰੀ ਤੇ ਮਜਬੂਰੀ ਵਿਚ ਮੱਥਾ ਟੇਕਣ ਵਾਲੀ ਲਾਈਨ ਵਿਚ ਲਗਾ ਕੇ ਅੰਦਰ ਭੇਜ ਦਿੱਤਾ। ਇਸ ਤੋਂ ਬਾਅਦ ਪੱਤਰਕਾਰ ਨੇ ਖ਼ੁਦ ਵੀ ਉਸੇ ਥਾਂ ਤੋਂ ਅੰਦਰ ਜਾਣ ਦੀ ਕੋਸ਼ਿਸ਼ ਕੀਤੀ। ਇਹ ਦੇਖ ਕੇ ਉੱਥੇ ਮੌਜੂਦ ਸੇਵਾਦਾਰ ਨੇ ਉਸ ਨੂੰ ਕਾਬੂ ਕਰ ਲਿਆ।