AN INSTITUTE FOR RESEARCH ON LITERATURE,CULTURE,HISTORY & HERITAGE OF PUNJAB”
website header

ਸੰਯੁਕਤ ਕਿਸਾਨ ਮੋਰਚਾ ਨੇ ਮੰਗਾਂ ਦੇ ਹੱਲ ਲਈ ਸੰਘਰਸ਼ ਦਾ ਬਿਗਲ ਵਜਾਇਆ

ਸੰਯੁਕਤ ਕਿਸਾਨ ਮੋਰਚਾ (ਐਸਕੇਐਮ) ਦੀ ਦੇਸ਼ ਭਗਤ ਯਾਦਗਾਰ ਹਾਲ ਵਿੱਚ ਆਲ ਇੰਡੀਆ ਕਨਵੈਨਸ਼ਨ ਹੋਈ ਜਿਸ ਵਿਚ ਕਿਸਾਨਾਂ ਦੀ ਕਾਰਪੋਰੇਟ ਲੁੱਟ ਨੂੰ ਖ਼ਤਮ ਕਰਨ ਲਈ ਸੰਘਰਸ਼ ਤੇਜ਼ ਕਰਨ ਦਾ ਬਿਗਲ ਵਜਾਉਂਦਿਆਂ 16 ਫਰਵਰੀ ਨੂੰ ਪੇਂਡੂ ਭਾਰਤ ਬੰਦ ਕਰਨ ਅਤੇ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਗਿਆ। ਕਨਵੈਨਸ਼ਨ ਨੇ ਕਿਸਾਨਾਂ, ਮਜ਼ਦੂਰਾਂ ਅਤੇ ਲੋਕਾਂ ਨੂੰ ਵੱਡੇ ਪੱਧਰ ’ਤੇ 26 ਜਨਵਰੀ ਗਣਤੰਤਰ ਦਿਵਸ ਮੌਕੇ ਟਰੈਕਟਰ, ਵਾਹਨ ਪਰੇਡ ਨੂੰ ਸਫਲ ਬਣਾਉਣ ਅਤੇ ਕਾਰਪੋਰੇਟ ਲੁੱਟ ਨੂੰ ਖਤਮ ਕਰਨ ਅਤੇ ਭਾਰਤ ਦੇ ਸੰਵਿਧਾਨ ਦੇ ਜਮਹੂਰੀ ਤੇ ਸਮਾਜਵਾਦੀ ਸਿਧਾਂਤਾਂ ਨੂੰ ਬਚਾਉਣ ਦਾ ਪ੍ਰਣ ਲੈਣ ਦੀ ਅਪੀਲ ਵੀ ਕੀਤੀ। ਉਨ੍ਹਾਂ ਦੱਸਿਆ ਕਿ 26 ਜਨਵਰੀ ਵਾਲੀ ਟਰੈਕਟਰ ਪਰੇਡ ਜ਼ਿਲ੍ਹਾ ਹੈਡਕੁਆਰਟਰਾਂ ’ਤੇ ਕੀਤੀ ਜਾਵੇਗੀ ਜਿਹੜੇ ਜ਼ਿਲ੍ਹੇ 40 ਕਿਲੋਮੀਟਰ ਤੋਂ ਦੂਰ ਹੋਣਗੇ ਉਥੇ ਤਹਿਸੀਲ ਪੱਧਰ ’ਤੇ ਇਹ ਪਰੇਡ ਕਰਨ ਦਾ ਫੈਸਲਾ ਕੀਤਾ ਗਿਆ ਹੈ।ਖੇਤੀ ਸੰਕਟ ਦੇ ਹੱਲ ਅਤੇ ਖੇਤੀ ਆਧਾਰਿਤ ਸਨਅਤੀ ਵਿਕਾਸ ਲਈ ਬਦਲਵੀਂ ਨੀਤੀ ਅਪਨਾਉਣ ਲਈ ਸਰਕਾਰ ’ਤੇ ਦਬਾਅ ਬਣਾਉਣ ਬਾਰੇ ਘੋਸ਼ਣਾ ਪੱਤਰ ਐਲਾਨਿਆ ਗਿਆ। ਘੋਸ਼ਣਾ ਪੱਤਰ ਵਿੱਚ ਭਾਰਤ ਭਰ ਦੇ ਕਿਸਾਨਾਂ ਨੂੰ ਕੇਂਦਰ ਦੀ ਕਾਰਪੋਰੇਟ ਪੱਖੀ ਅਤੇ ਕਿਸਾਨ ਵਿਰੋਧੀ ਭਾਜਪਾ ਸਰਕਾਰ ਖ਼ਿਲਾਫ਼ ਡਟਣ ਦਾ ਸੱਦਾ ਦਿੱਤਾ ਗਿਆ। ਕਨਵੈਨਸ਼ਨ ਨੂੰ ਐਸਕੇਐਮ ਦੀ ਕੌਮੀ ਤਾਲਮੇਲ ਕਮੇਟੀ ਦੇ ਮੈਂਬਰਾਂ ਰਾਜਾਰਾਮ (ਬਿਹਾਰ), ਡਾ ਸੁਨੀਲਮ (ਮੱਧ ਪ੍ਰਦੇਸ਼), ਹਰਿੰਦਰ ਸਿੰਘ ਲੱਖੋਵਾਲ, ਬਲਬੀਰ ਸਿੰਘ ਰਾਜੇਵਾਲ, ਹਰਿੰਦਰ ਸਿੰਘ ਕਾਦੀਆਂ, ਰਾਮਿੰਦਰ ਸਿੰਘ ਪਟਿਆਲਾ, ਬੂਟਾ ਸਿੰਘ ਬੁਰਜ ਗਿੱਲ, ਕ੍ਰਿਸ਼ਨਾ ਪ੍ਰਸਾਦ (ਕੇਰਲਾ), ਬਲਦੇਵ ਸਿੰਘ ਨਿਹਾਲਗੜ੍ਹ, ਸਤਿਆਵਾਨ (ਹਰਿਆਣਾ), ਤਜਿੰਦਰ ਸਿੰਘ ਵਿਰਕ (ਉਤਰਾਖੰਡ), ਜੋਗਿੰਦਰ ਸਿੰਘ ਨੈਨ (ਹਰਿਆਣਾ) ਨੇ ਵੀ ਸੰਬੋਧਨ ਕੀਤਾ।

Scroll to Top