
ਸਿੱਖ ਕਤਲੇਆਮ ਦੀ ਯਾਦ ਮਨਾਉਂਦੇ ਹੋਏ ਪੀੜਤਾਂ ਤੇ ਵਿਧਵਾ ਬੀਬੀਆਂ ਨੇ 1984 ਦੇ ਸਿੱਖ ਕਤਲੇਆਮ ਨੂੰ ਭਾਰਤ ਦੀ ਜਮਹੂਰੀਅਤ ’ਤੇ ਹਮਲਾ ਐਲਾਨਿਆ। ਇਥੋਂ ਦੇ ਜੰਤਰ ਮੰਤਰ ਵਿਖੇ ਅੱਜ ਆਲ ਇੰਡੀਆ ਸਿੱਖ ਕਾਨਫ਼ਰੰਸ ਦੇ ਬੈਨਰ ਹੇਠ ਹੋਏ ਸਮਾਗਮ ਵਿਚ ਪ੍ਰਧਾਨ ਗੁਰਚਰਨ ਸਿੰਘ ਬੱਬਰ, ਦਰਸ਼ਨ ਕੌਰ, ਜਸਬੀਰ ਕੌਰ ਤੇ ਹੋਰਨਾਂ ਨੇ ਰੋਸ ਪ੍ਰਗਟ ਕੀਤਾ ਕਿ 1984 ਵਿਚ ਪਾਵਨ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਨੂੰ ਅੱਗਾਂ ਹੀ ਨਾ ਲਾਈਆਂ ਗਈਆਂ, ਸਗੋਂ ਗੁਰਦਵਾਰਿਆਂ ’ਤੇ ਵੀ ਹਮਲੇ ਕੀਤੇ ਗਏ ਅਤੇ ਜਿਊਂਦੇ ਜੀਅ ਸਿੱਖਾਂ ’ਤੇ ਟਾਇਰ ਤੇ ਕੈਮੀਕਲ ਛਿੜਕ ਕੇ ਸਾੜ ਦਿਤਾ ਗਿਆ, ਪਰ ਮ੍ਰਿਤਕਾਂ ਦੀਆਂ ਲਾਸ਼ਾਂ ਬਾਰੇ ਸਰਕਾਰ ਜਵਾਬ ਨਹੀਂ ਦਿੰਦੀ। ਉਨ੍ਹਾਂ ਕਿਹਾ ਕਿ ਅੱਜ ਤਕ ਸਰਕਾਰ ਜਵਾਬ ਕਿਉਂ ਨਹੀਂ ਦਿੰਦੀ ਕਿ ਜੋ 5 ਹਜ਼ਾਰ ਸਿੱਖਾਂ ਨੂੰ ਕਤਲ ਕੀਤਾ ਗਿਆ ਸੀ, ਉਨ੍ਹਾਂ ਦੀਆਂ ਲਾਸ਼ਾਂ ਕਿਥੇ ਹਨ, ਕਿਥੇ ਤੇ ਕਿਹੜੀ ਧਾਰਮਕ ਮਰਿਆਦਾ ਨਾਲ ਉਨ੍ਹਾਂ ਦੇ ਸਸਕਾਰ ਕੀਤੇ ਗਏ ਸਨ? ਬੁਲਾਰਿਆਂ ਨੇ ਇਕਸੁਰ ਵਿਚ ਕਿਹਾ,‘‘ਆਜ਼ਾਦ ਭਾਰਤ ਵਿਚ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਕਦੇ ਨਹੀਂ ਭੁਲਾਇਆ ਜਾ ਸਕਦਾ। ਇਸ ਕਤਲੇਆਮ ਨੇ ਕਈਆਂ ਨੂੰ ਧਨਾਢ ਬਣਾ ਦਿਤਾ।’’ ਉਨ੍ਹਾਂ ਕਿਹਾ ਹਰਿਦੁਆਰ ਵਿਖੇ ਹਰਿ ਕੀ ਪੌੜੀ ’ਤੇ ਬਣੇ ਹੋਏ ਗੁਰੂ ਨਾਨਕ ਸਾਹਿਬ ਦੇ ਇਤਿਹਾਸਕ ਗੁਰਦਵਾਰਾ ਗਿਆਨ ਗੋਦੜੀ ਨੂੰ ਤਹਿਸ ਨਹਿਸ ਕਰ ਦਿਤਾ ਗਿਆ, ਜੋ ਅੱਜ ਤਕ ਸਿੱਖ ਕੌਮ ਨੂੰ ਵਾਪਸ ਨਹੀਂ ਦਿਤਾ ਜਾ ਰਿਹਾ।