AN INSTITUTE FOR RESEARCH ON LITERATURE,CULTURE,HISTORY & HERITAGE OF PUNJAB”
website header

’84 ਕਤਲੇਆਮ ਪੀੜਤ ਸੁਸਾਇਟੀ ਦੇ ਆਗੂ ਘਰਾਂ ’ਚ ਨਜ਼ਰਬੰਦ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਲੁਧਿਆਣਾ ਦੌਰੇ ਕਾਰਨ ਅੱਜ ਪੁਲੀਸ ਵੱਲੋਂ ਸ਼ਹਿਰ ਵਿੱਚ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਇਸ ਮੌਕੇ ਪੁਲੀਸ ਨੇ 1984 ਕਤਲੇਆਮ ਪੀੜਤ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਸੁਰਜੀਤ ਸਿੰਘ ਦੁੱਗਰੀ ਤੇ ਮਹਿਲਾ ਵਿੰਗ ਦੀ ਪ੍ਰਧਾਨ ਗੁਰਦੀਪ ਕੌਰ ਨੂੰ ਉਨ੍ਹਾਂ ਦੇ ਘਰਾਂ ਵਿੱਚ ਹੀ ਨਜ਼ਰਬੰਦ ਕਰ ਦਿੱਤਾ। ਦੰਗਾ ਪੀੜਤ ਪਰਿਵਾਰਾਂ ਨੇ ਮੁੱਖ ਮੰਤਰੀ ਵੱਲੋਂ ਉਨ੍ਹਾਂ ਨਾਲ ਰੱਖੀ ਮੀਟਿੰਗ ਰੱਦ ਕੀਤੇ ਜਾਣ ਮਗਰੋਂ 8 ਦਸੰਬਰ ਨੂੰ ਚੰਡੀਗੜ੍ਹ ਸਥਿਤ ਉਨ੍ਹਾਂ ਦੀ ਕੋਠੀ ਅੱਗੇ ਧਰਨਾ ਦੇ ਕੇ ਨਾਅਰੇਬਾਜ਼ੀ ਕੀਤੀ ਸੀ। ਉਸ ਦਿਨ ਸੁਰਜੀਤ ਸਿੰਘ ਦੁੱਗਰੀ ਤੇ ਗੁਰਦੀਪ ਕੌਰ ਦੀ ਅਗਵਾਈ ਹੇਠ ਪੰਜਾਬ ਭਰ ਤੋਂ ਪੁੱਜੇ ਪੀੜਤ ਪਰਿਵਾਰ ਮੀਟਿੰਗ ਲਈ ਪੰਜਾਬ ਭਵਨ ਬਾਹਰ ਮੁੱਖ ਮੰਤਰੀ ਦੀ ਉਡੀਕ ਕਰਦੇ ਰਹੇ ਸਨ ਪਰ ਕਿਸੇ ਅਧਿਕਾਰੀ ਨੇ ਉਨ੍ਹਾਂ ਨੂੰ ਉਸ ਦਿਨ ਮੀਟਿੰਗ ਨਾ ਹੋ ਸਕਣ ਸਬੰਧੀ ਜਾਣੂ ਨਹੀਂ ਕਰਵਾਇਆ ਸੀ। ਅੱਜ ਪੁਲੀਸ ਨੂੰ ਖਦਸ਼ਾ ਸੀ ਕਿ ਮੁੱਖ ਮੰਤਰੀ ਦੇ ਦੌਰੇ ਦੌਰਾਨ ਪੀੜਤ ਪਰਿਵਾਰ ਮੁੱਖ ਮੰਤਰੀ ਦਾ ਘਿਰਾਓ ਕਰ ਸਕਦੇ ਹਨ। ਇਸ ਕਰ ਕੇ ਸਵੇਰੇ 7 ਵਜੇ ਹੀ ਥਾਣਾ ਦੁੱਗਰੀ ਦੀ ਐੱਸਐੱਚਓ ਦੀ ਅਗਵਾਈ ਹੇਠ ਪੁਲੀਸ ਪਾਰਟੀ ਸੁਰਜੀਤ ਸਿੰਘ ਦੁੱਗਰੀ ਦੇ ਘਰ ਪੁੱਜ ਗਈ ਤੇ ਉਨ੍ਹਾਂ ਨੂੰ ਘਰੋਂ ਬਾਹਰ ਨਿਕਲਣ ਤੋਂ ਰੋਕ ਦਿੱਤਾ। ਉਨ੍ਹਾਂ ਗੁਰਦੀਪ ਕੌਰ ਦੇ ਘਰ ਰੱਖੀ ਇੱਕ ਮੀਟਿੰਗ ਵਿੱਚ ਜਾਣ ਦੀ ਗੱਲ ਆਖੀ ਤਾਂ ਪੁਲੀਸ ਪਾਰਟੀ ਉਨ੍ਹਾਂ ਨੂੰ ਗੱਡੀ ’ਚ ਬਿਠਾ ਕੇ ਗੁਰਦੀਪ ਕੌਰ ਦੇ ਘਰ ਲੈ ਆਈ ਜਿਥੇ ਦੋਵੇਂ ਨਜ਼ਰਬੰਦ ਰਹੇ। ਇਸੇ ਦੌਰਾਨ ਸੁਰਜੀਤ ਸਿੰਘ ਦੁੱਗਰੀ ਨੇ ਦੱਸਿਆ ਕਿ ਜਥੇਬੰਦੀ ਵੱਲੋਂ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ ਲਈ ਸਮਾਂ ਮੰਗਿਆ ਗਿਆ ਹੈ ਤੇ ਜਲਦੀ ਹੀ ਸੂਬਾ ਪੱਧਰੀ ਮੀਟਿੰਗ ਕਰਕੇ ਅਗਲਾ ਪ੍ਰੋਗਰਾਮ ਉਲੀਕਿਆ ਜਾਵੇਗਾ। ਇਸੇ ਦੌਰਾਨ ਪਿੰਡ ਧਨਾਨਸੂ ’ਚ ਰੱਖੀ ਮੈਗਾ ਰੈਲੀ ਦੌਰਾਨ ਹਰੇਕ ਵਿਧਾਇਕ ਨੂੰ ਰੈਲੀ ਤੱਕ ਵਰਕਰ ਲਿਆਉਣ ਲਈ ਦਿੱਤੀਆਂ 80-80 ਬੱਸਾਂ ਸਵੇਰੇ ਹੀ ਵੱਖ-ਵੱਖ ਇਲਾਕਿਆਂ ਵੱਲ ਤੋਰ ਦਿੱਤੀਆਂ ਗਈਆਂ ਤੇ ਦੂਜੇ ਪਾਸੇ ਬੱਸਾਂ ਦੀ ਉਡੀਕ ’ਚ ਸ਼ਹਿਰ ਦੇ ਚੌਰਾਹਿਆਂ ’ਤੇ ਖੜ੍ਹੀਆਂ ਸਵਾਰੀਆਂ ਸਾਰਾ ਦਿਨ ਖੱਜਲ-ਖੁਆਰ ਹੁੰਦੀਆਂ ਰਹੀਆਂ। ਬੱਸ ਅੱਡੇ ’ਤੇ ਸਰਕਾਰੀ ਬੱਸਾਂ ਨਾ ਹੋਣ ਕਾਰਨ ਯਾਤਰੀ ਇੱਧਰ-ਉੱਧਰ ਭਟਕਦੇ ਰਹੇ।

Scroll to Top