
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਕਾਫੀ ਲੰਬੇ ਸਮੇਂ ਤੋਂ ਚੋਣਾਂ ਨਹੀਂ ਸੀ ਹੋਈਆਂ। ਜਿਸ ਨੂੰ ਲੈ ਲਗਾਤਾਰ ਹੀ ਵੱਖ-ਵੱਖ ਸਿੱਖ ਜਥੇਬੰਦੀਆਂ ਵੱਲੋਂ ਐੱਸ.ਜੀ.ਪੀ.ਸੀ. ਦੀਆਂ ਚੋਣਾਂ ਕਰਵਾਉਣ ਦੀ ਮੰਗ ਕੀਤੀ ਜਾ ਰਹੀ ਸੀ। ਐੱਸ.ਜੀ.ਪੀ.ਸੀ. ਦੀਆਂ ਚੋਣਾਂ ਸਬੰਧੀ ਵੋਟਰ ਸੂਚੀਆਂ ਤਿਆਰ ਕਰਨ ਦਾ ਪ੍ਰੋਗਰਾਮ ਵੀ 21 ਅਕਤੂਬਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਜਿਸ ਵਿਚ ਵੋਟਰਾਂ ਦੀ ਰਜਿਸਟਰੇਸ਼ਨ ਸ਼ੁਰੂ ਕੀਤੀ ਜਾ ਰਹੀ ਹੈ। ਇਸ ਨੂੰ ਲੈ ਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਐਲਾਨ ਕੀਤਾ ਕਿ ਅਸੀਂ ਇਨ੍ਹਾਂ ਚੋਣਾਂ ਵਿਚ ਆਪਣੇ ਉਮੀਦਵਾਰ ਵੀ ਉਤਾਰਾਂਗੇ। ਅੰਮ੍ਰਿਤਸਰ ਪਹੁੰਚ ਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਲਕਾ ਨੇ ਕਿਹਾ ਕਿ ਪੰਜਾਬ ਵਿਚ ਵੱਧ ਰਹੇ ਨਸ਼ੇ ਦਾ ਇਕ ਕਾਰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਰਹੀ ਹੈ ਕਿਉਂਕਿ ਸ਼੍ਰੋਮਣੀ ਕਮੇਟੀ ਵੱਲੋਂ ਆਪਣਾ ਪ੍ਰਚਾਰ ਘੱਟ ਕੀਤਾ ਗਿਆ। ਜਿਸ ਕਰਕੇ ਨੌਜਵਾਨ ਨਸ਼ੇ ‘ਚ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਅਗਰ ਨਸ਼ਾ ਖਤਮ ਕਰਨ ਦੀ ਗੱਲ ਕਰਨੀ ਹੀ ਹੈ ਤਾਂ ਫਿਰ ਪੂਰੇ ਪੰਜਾਬ ‘ਚੋਂ ਇਕਦਮ ਨਸ਼ਾ ਖ਼ਤਮ ਹੋਣਾ ਚਾਹੀਦਾ ਹੈ ਜਿਸ ਦੇ ਵਿਚ ਤੰਬਾਕੂ ਅਤੇ ਸ਼ਰਾਬ ਦੀ ਵਿਕਰੀ ਵੀ ਨਹੀਂ ਹੋਣੀ ਚਾਹੀਦੀ ਹੈ। ਹੁਣ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਨਜ਼ਦੀਕ ਆਉਂਦੀਆਂ ਦਿਖਾਈ ਦੇ ਰਹੀਆਂ ਹਨ ਜਿਸ ਦੇ ਚਲਦੇ 21 ਅਕਤੂਬਰ ਤੋਂ ਐੱਸ.ਜੀ.ਪੀ.ਸੀ. ਦੀਆਂ ਵੋਟਾਂ ਦੀ ਰਜਿਸਟਰੇਸ਼ਨ ਸ਼ੁਰੂ ਹੋ ਰਹੀ ਹੈ ਅਤੇ ਪੰਜਾਬ ਦੇ ਲੋਕਾਂ ਨੂੰ ਚਾਹੀਦਾ ਹੈ ਕਿ ਅਗਰ ਉਹ ਪੰਜਾਬ ਦਾ ਭਲਾ ਚਾਹੁੰਦੇ ਹਨ ਤਾਂ ਉਹ ਗੁਰੂ ਵਾਲੇ ਬਣਨ ਅੰਮ੍ਰਿਤਧਾਰੀ ਹੋ ਕੇ ਐੱਸ.ਜੀ.ਪੀ.ਸੀ. ਦੀਆਂ ਵੋਟਾਂ ਜਰੂਰ ਬਣਾਉਣ ਅਤੇ ਆਪਣੀ ਵੋਟ ਦਾ ਸਹੀ ਇਸਤੇਮਾਲ ਵੀ ਜਰੂਰ ਕਰਨ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਇਸ ਵਿਚ ਪੂਰਾ ਸਹਿਯੋਗ ਦਵੇਗੀ ਅਤੇ ਸਾਡੀ ਸੋਚ ਦੇ ਨਾਲ ਕੋਈ ਵੀ ਜਥੇਬੰਦੀ ਚੱਲੇਗੀ ਤੇ ਉਹਨਾਂ ਨੂੰ ਨਾਲ ਲੈ ਕੇ ਅਸੀਂ ਆਪਣੇ ਉਮੀਦਵਾਰ ਵੀ ਐਸਜੀਪੀਸੀ ਦੀਆਂ ਚੋਣਾਂ ਲਈ ਚੋਣ ਮੈਦਾਨ ਵਿਚ ਉਤਾਰਾਂਗੇ। ਬਰਗਾੜੀ ਬਹਿਬਲ ਕਲਾਂ ਵਿਚ ਹੋਈ ਗੁਰੂ ਸਾਹਿਬ ਦੀ ਬੇਅਦਬੀ ਬਾਰੇ ਗੱਲ ਕਰਦਿਆਂ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਪੰਥਕ ਸਰਕਾਰ ਦੇ ਕਾਰਜਕਾਲ ਵਿਚ ਇਸ ਤਰ੍ਹਾਂ ਦੀ ਮਾੜੀ ਹਰਕਤ ਹੋਣਾ ਬਹੁਤ ਹੀ ਮਾੜੀ ਗੱਲ ਸੀ ਅਤੇ ਉਸ ਦੇ ਦੋਸ਼ੀਆਂ ਨੂੰ ਅੱਜ ਤੱਕ ਸਜ਼ਾਵਾਂ ਨਾ ਦੇਣਾ ਉਸ ਤੋਂ ਵੀ ਵੱਡੀ ਮਾੜੀ ਘਟਨਾ ਹੈ। ਕਾਲਕਾ ਨੇ ਕਿਹਾ ਕਿ ਜਿਸ ਤਰ੍ਹਾਂ ਹਰ ਸਾਲ ਰਾਵਣ ਦੀ ਗਲਤੀ ਨੂੰ ਲੈ ਕੇ ਲੋਕ ਦੁਸ਼ਹਿਰੇ ‘ਤੇ ਉਸ ਦਾ ਪੁਤਲਾ ਸਾੜਦੇ ਹਨ, ਉਨ੍ਹਾਂ ਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਰਾਵਣ ਦੀ ਕਿਸ ਗਲਤੀ ਕਾਰਨ ਅੱਜ ਤਕ ਲੋਕ ਉਸ ਦੇ ਪੁਤਲੇ ਸਾੜਦੇ ਹਨ। ਇਸੇ ਹੀ ਤਰ੍ਹਾਂ ਬਾਦਲਾਂ ਦੀ ਇਹ ਗਲਤੀ ਨੂੰ ਵੀ ਲੋਕ ਰਹਿੰਦੇ ਸਮੇਂ ਤੱਕ ਨਹੀਂ ਭੁੱਲ ਸਕਣਗੇ। ਮੀਟਿੰਗ ਉਪਰੰਤ ਪ੍ਰਧਾਨ ਹਰਮੀਤ ਸਿੰਘ ਕਾਲਕਾ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਵੀ ਟੇਕਿਆ ਗਿਆ । ਇਸ ਦੌਰਾਨ ਉਨ੍ਹਾਂ ਨੇ ਕਾਫੀ ਸਮਾਂ ਸੱਚਖੰਡ ਵਿਖੇ ਬੈਠ ਕੇ ਇਲਾਹੀ ਬਾਣੀ ਦਾ ਕੀਰਤਨ ਸੁਣਿਆ। ਇਸ ਮੌਕੇ ਭੁਪਿੰਦਰ ਸਿੰਘ ਭੁੱਲਰ, ਸਰਬਜੀਤ ਸਿੰਘ ਵਿਰਕ , ਜਸਪ੍ਰੀਤ ਸਿੰਘ, ਵਿੱਕੀ ਮਾਨ ਵੀ ਹਾਜ਼ਰ ਸਨ।