AN INSTITUTE FOR RESEARCH ON LITERATURE,CULTURE,HISTORY & HERITAGE OF PUNJAB”

Sikh student News: ਸਿੱਖ ਵਿਦਿਆਰਥੀ ਦੀ ਦਸਤਾਰ ਪੈਰਾਂ ਵਿਚ ਰੋਲਣ ਦੀ ਘਟਨਾ ਨੇ ਫੜਿਆ ਤੂਲ

ਇਕ ਨਿਜੀ ਸਕੂਲ ਦੇ ਵਿਦਿਆਰਥੀਆਂ ਵਲੋਂ ਸਿੱਖ ਵਿਦਿਆਰਥੀ ਦੀ ਦਸਤਾਰ ਪੈਰਾਂ ਹੇਠ ਮਸਲ ਕੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਨ ਦਾ ਮਾਮਲਾ ਉਸ ਵੇਲੇ ਤੂਲ ਫੜ ਗਿਆ ਜਦੋਂ ਸਿੱਖ ਜਥੇਬੰਦੀਆਂ ਨੇ ਦਸਤਾਰ ਦੀ ਬੇਅਦਬੀ ਕਰਨ ਵਾਲਿਆਂ ਵਿਰੁਧ ਕਾਰਵਾਈ ਕਰਨ ਲਈ 48 ਘੰਟਿਆਂ ਦਾ ਅਲਟੀਮੇਟਮ ਦੇ ਦਿਤਾ।  ਪ੍ਰਾਪਤ ਜਾਣਕਾਰੀ ਅਨੁਸਾਰ 12ਵੀਂ ਜਮਾਤ ਦਾ ਵਿਦਿਆਰਥੀ ਅਰਪਿਤਪਾਲ ਸਿੰਘ ਰੋਜ਼ਾਨਾ ਦੀ ਤਰ੍ਹਾਂ ਸਕੂਲ ਬੱਸ ਵਿਚੋਂ ਉਤਰਿਆ ਅਤੇ ਨਵੇਂ ਬੱਸ ਅੱਡੇ ਦੇ ਪਿਛਲੇ ਪਾਸੇ ਵਾਲੇ ਰਸਤੇ ਰਾਹੀਂ ਘਰ ਜਾ ਰਿਹਾ ਸੀ ਕਿ ਉਸ ਦੇ ਸਹਿਪਾਠੀ ਲੜਕਿਆਂ ਨੇ ਬੱਸ ਅੰਦਰ ਹੋਈ ਮਾਮੂਲੀ ਤਕਰਾਰ ਕਾਰਨ ਉਸ ਨੂੰ ਘੇਰ ਕੇ ਕੁੱਟਮਾਰ ਕਰਨੀ ਸ਼ੁਰੂ ਕਰ ਦਿਤੀ। ਬੁਰੀ ਤਰ੍ਹਾਂ ਕੁੱਟਮਾਰ ਕਰਨ ਨਾਲ ਵੀ ਜਦ ਹਮਲਾਵਰ ਹੋਏ ਵਿਦਿਆਰਥੀਆਂ ਦਾ ਗੁੱਸਾ ਸ਼ਾਂਤ ਨਾ ਹੋਇਆ ਤਾਂ ਉਨ੍ਹਾਂ ਉਸ ਦੀ ਦਸਤਾਰ ਨੂੰ ਪੈਰਾਂ ਹੇਠ ਮਸਲ ਕੇ ਜ਼ਲੀਲ ਕਰਨਾ ਸ਼ੁਰੂ ਕਰ ਦਿਤਾ।  ਸਥਾਨਕ ਬਾਬਾ ਦਿਆਲ ਸਿੰਘ ਸਿਵਲ ਹਸਪਤਾਲ ਵਿਖੇ ਜ਼ੇਰੇ ਇਲਾਜ ਵਿਦਿਆਰਥੀ ਅਰਪਿਤਪਾਲ ਸਿੰਘ ਦੇ ਪਿਤਾ ਬਹਾਦਰਪਾਲ ਸਿੰਘ ਨੇ ਆਖਿਆ ਕਿ ਜੇਕਰ ਉਨ੍ਹਾਂ ਨੂੰ ਕੋਈ ਸ਼ਿਕਾਇਤ ਸੀ ਤਾਂ ਉਹ ਸਕੂਲ ਦੇ ਪ੍ਰਬੰਧਕਾਂ, ਵਿਦਿਆਰਥੀ ਦੇ ਮਾਪਿਆਂ ਜਾਂ ਪੁਲਿਸ ਪ੍ਰਸ਼ਾਸਨ ਨੂੰ ਵੀ ਕਰ ਸਕਦੇ ਸਨ ਪਰ ਇਸ ਤਰ੍ਹਾਂ ਦੀ ਕੁੱਟਮਾਰ ਅਤੇ ਦਸਤਾਰ ਦੀ ਬੇਅਦਬੀ ਦੀ ਘਟਨਾ ਬਰਦਾਸ਼ਤ ਤੋਂ ਬਾਹਰ ਹੈ।  ਸ਼ਮਸ਼ੇਰ ਸਿੰਘ ਸ਼ੇਰਗਿੱਲ ਡੀਐਸਪੀ ਕੋਟਕਪੂਰਾ ਨੇ ਆਖਿਆ ਕਿ ਦੋਹਾਂ ਧਿਰਾਂ ਨੂੰ ਬੁਲਾ ਕੇ ਮਾਪਿਆਂ ਦੀ ਹਾਜ਼ਰੀ ਵਿਚ ਬੱਚਿਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ, ਨਹੀਂ ਤਾਂ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਉਧਰ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਕਮੇਟੀ ਦੇ ਮੁੱਖ ਸੇਵਾਦਾਰ ਸੁਖਜੀਤ ਸਿੰਘ ਖੋਸਾ ਅਤੇ ਬਹਿਬਲ ਮੋਰਚੇ ਦੇ ਆਗੂ ਸੁਖਰਾਜ ਸਿੰਘ ਨਿਆਮੀਵਾਲਾ ਨੇ ਉਕਤ ਘਟਨਾ ਨੂੰ ਦੁਖਦਾਇਕ ਅਤੇ ਸ਼ਰਮਨਾਕ ਦਸਦਿਆਂ ਅਲਟੀਮੇਟਮ ਦਿਤਾ ਕਿ ਜੇਕਰ 48 ਘੰਟਿਆਂ ਦੇ ਅੰਦਰ ਅੰਦਰ ਪੀੜਤ ਵਿਦਿਆਰਥੀ ਨੂੰ ਇਨਸਾਫ਼ ਨਾ ਮਿਲਿਆ ਤਾਂ ਉਹ 29 ਅਕਤੂਬਰ ਨੂੰ ਸਿਟੀ ਥਾਣਾ ਕੋਟਕਪੂਰੇ ਦਾ ਘਿਰਾਉ ਕਰਨ ਲਈ ਮਜਬੂਰ ਹੋਣਗੇ।

Scroll to Top